by vikramsehajpal
ਸਿਡਨੀ (ਦੇਵ ਇੰਦਰਜੀਤ)- ਭਾਰਤ ’ਚ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਮਨੁੱਖੀ ਹੱਕਾਂ ਦੇ ਸਮਰਥਨ ਵਿੱਚ ਇਥੇ ਰੈਲੀ ਕੀਤੀ ਗਈ। ਬਲੈਕ ਟਾਊਨ ਸ਼ੋਅ ਗਰਾਊਂਡ ਵਿੱਚ ਜੁੜੇ ਲੋਕਾਂ ਵਿੱਚ ਵਧੇਰੇ ਕਰਕੇ ਨੌਜਵਾਨ ਸ਼ਾਮਲ ਸਨ। ਬੁਲਾਰਿਆਂ ਦੇ ਵਿਚਾਰਾਂ ਤੋਂ ਉੱਭਰ ਕਿ ਆਇਆ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਆਪਣੀ ਹੈਂਕੜਬਾਜ਼ੀ ਦਿਖਾ ਰਹੀ ਹੈ ਅਤੇ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਦੇ ਦਬਾਅ ਹੇਠ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਸੋਧਣ ਅਤੇ ਕੁਝ ਅਰਸੇ ਲਈ ਅੱਗੇ ਪਾਉਣ ਦੀ ਤਜਵੀਜ਼ ਦਰਸਾਉਂਦੀ ਹੈ ਉਹ ਇਖ਼ਲਾਕੀ ਤੌਰ ’ਤੇ ਮੰਨ ਚੁੱਕੀ ਹੈ ਕਿ ਜਲਦਬਾਜ਼ੀ ਵਿੱਚ ਬਣੇ ਕਾਨੂੰਨਾਂ ਵਿੱਚ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੇ ਹੱਕ ’ਚ ਅੰਤਰਰਾਸ਼ਟਰੀ ਪੱਧਰ ’ਤੇ ਨਾਮੀ ਹਸਤੀਆਂ ਨੇ ਦਿੜ੍ਹਤਾ ਨਾਲ ਆਵਾਜ਼ ਬੁਲੰਦ ਕੀਤੀ ਹੈ ਪਰੰਤੂ ਸਰਕਾਰ ਨੇ ਨਾਜਾਇਜ਼ ਕੇਸ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਝੀ ਹਰਕਤ ਕੀਤੀ ਹੈ।