ਨਿਊਜ਼ ਡੈਸਕ : ਸੁਪਰੀਮ ਕੋਰਟ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਗਈ ਸਜ਼ਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਸਿੱਧੂ ਮੇਰੇ ਵੱਡੇ ਭਰਾ ਹਨ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਬਹੁਤ ਹੀ ਦੁੱਖ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਕਿਹਾ ਕਿ ਮੈਂ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਕੋਈ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਇਹ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹੀ ਸਭ ਕੁਝ ਹੋਇਆ ਹੈ।
ਇਥੇ ਦਈਏ ਕਿ ਰਾਜਾ ਵੜਿੰਗ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਰਹੇ ਹਨ। ਬੇਸ਼ੱਕ ਇਸ ਵੇਲੇ ਕੁਝ ਦੂਰੀਆਂ ਵਧੀਆਂ ਹਨ। ਪਿਛਲੇ ਦਿਨੀਂ ਰਾਜਾ ਵੜਿੰਗ ਵੱਲੋਂ ਹਾਈਕਮਾਨ ਨੂੰ ਸਿੱਧੂ ਦੇ ਵਿਰੁੱਧ ਚਿੱਠੀਆਂ ਵੀ ਲਿਖੀਆਂ ਗਈਆਂ ਸਨ। ਅੱਜ ਵੀ ਬੇਸ਼ੱਕ ਉਹ ਪਟਿਆਲਾ ਨੇੜੇ ਆਪਣੇ ਪ੍ਰੋਗਰਾਮ ਕਰ ਰਹੇ ਹਨ ਪਰ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਨਹੀਂ ਪਹੁੰਚੇ ਹਨ।