ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਵੱਲੋਂ ਕੇਂਦਰੀ ਵਿੱਤ ਮੰਤਰੀ ਨੂੰ ਕੀਤੀ ਧਾਰਾ 43-ਬੀ ਮੁਲਤਵੀ ਕਰਨ ਦੀ ਮੰਗ

by vikramsehajpal

ਨਵੀਂ ਦਿੱਲੀ (ਸਰਬ): ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਿੱਤ ਐਕਟ 2023 ਦੀ ਧਾਰਾ 43ਬੀ ਨੂੰ ਲਾਗੂ ਕਰਨ ਦੀ ਥਾਂ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ ਜਿਹੜੀ ਐਮਐਚਐਮਈ ਤਹਿਤ ਰਜਿਸਟਰਡ ਹੋਏ ਛੋਟੇ ਦੁਕਾਨਦਾਰਾਂ ਦੇ ਭੁਗਤਾਨ ਨਾਲ ਸਬੰਧਤ ਹੈ।

ਵੜਿੰਗ ਨੇ ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਨਾਲ ਮੁਲਾਕਾਤ ਕਰਦਿਆਂ ਇਸ ਸਬੰਧ ਵਿੱਚ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਸੋਧ ਅਨੁਸਾਰ ਜੇਕਰ ਛੋਟੇ ਅਤੇ ਸੂਖਮ ਵਿਕਰੇਤਾਵਾਂ ਨੂੰ ਐਮਐਸਐਮਈ ਐਕਟ, 2006 ਦੀ ਧਾਰਾ 15 ਤਹਿਤ ਨਿਰਧਾਰਤ ਮਿਆਦ ਦੇ ਅੰਦਰ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਖਰਚਿਆਂ ਨੂੰ ਆਮਦਨ ਕਰ ਕਾਨੂੰਨ ਤਹਿਤ ਕਟੌਤੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨੇ ਐਮਐਸਐਮਈ ਸੈਕਟਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਉਨ੍ਹਾਂ ਦੀ ਵਿੱਤੀ ਸਮਰੱਥਾ ਨੂੰ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਮਐਸਐਮਈ ਸੈਕਟਰ ਦੀ ਮੌਜੂਦਾ ਗਤੀਸ਼ੀਲਤਾ ਨੂੰ ਦੇਖਦੇ ਹੋਏ ਇਹ ਧਾਰਾ ਮੁਲਤਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਲੁਧਿਆਣਾ ਦੇ ਛੋਟੇ ਵਪਾਰੀ ਜੂਝ ਰਹੇ ਹਨ।

ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਖਰੀਦਦਾਰਾਂ ਤੋਂ ਭੁਗਤਾਨ ਪ੍ਰਾਪਤ ਕਰਨ ਦੀ ਸਮਾਂ ਸੀਮਾ ਨੂੰ 31 ਮਾਰਚ, 2025 ਤੱਕ ਵੱਧ ਤੋਂ ਵੱਧ 90 ਦਿਨ ਅਤੇ 31 ਮਾਰਚ, 2026 ਤੱਕ 60 ਦਿਨਾਂ ਤੱਕ ਵਧਾਉਣ ਅਤੇ ਅੰਤ ਵਿੱਚ ਇਸ ਨੂੰ 31 ਮਾਰਚ 2027 ਤੱਕ ਘਟਾ ਕੇ 45 ਦਿਨਾਂ ਤੱਕ ਕਰਨ ’ਤੇ ਵਿਚਾਰ ਕਰਨ।