ਲੁਧਿਆਣਾ (ਸਾਹਿਬ) - ਹਿਮਾਚਲ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਇਕ ਵਿਵਾਦਿਤ ਬਿਆਨ ਕਾਰਨ ਦੇਸ਼ ਦੀ ਸਿਆਸਤ ਇਕ ਵਾਰ ਫ਼ਿਰ ਤੋਂ ਗਰਮਾ ਗਈ ਹੈ। ਉਸ ਨੇ ਕਿਸਾਨਾਂ ਅੰਦੋਲਨ ਬਾਰੇ ਬੋਲਦੇ ਹੋਏ ਕਿਹਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਅੰਦੋਲਨ ਬਾਰੇ ਸਖ਼ਤ ਕਦਮ ਨਾ ਚੁੱਕਦੇ ਤਾਂ ਦੇਸ਼ ਦੇ ਹਾਲਾਤ ਬੰਗਲਾਦੇਸ਼ ਵਰਗੇ ਹੋ ਜਾਣੇ ਸੀ। ਦੱਸ ਦਈਏ ਕਿ ਆਪਣੇ 'ਐਕਸ' ਅਕਾਊਂਟ 'ਤੇ ਕੰਗਨਾ ਨੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਕਹਿ ਰਹੀ ਹੈ ਕਿ ਜੇਕਰ ਕਿਸਾਨ ਅੰਦੋਲਨ ਸਮੇਂ ਸਰਕਾਰ ਨੇ ਸਖ਼ਤ ਫ਼ੈਸਲੇ ਨਾ ਲਏ ਹੁੰਦੇ ਤਾਂ ਅੱਜ ਦੇਸ਼ ਦੇ ਹਾਲਾਤ ਬੰਗਲਾਦੇਸ਼ ਵਰਗੇ ਹੋਣੇ ਸਨ। ਉਸ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉੱਥੇ ਲਾਸ਼ਾਂ ਲਟਕਦੀਆਂ ਹੋਈਆਂ ਦੇਖੀਆਂ ਗਈਆਂ ਸਨ ਤੇ ਔਰਤਾਂ ਵੀ ਜਬਰ-ਜਨਾਹ ਦਾ ਸ਼ਿਕਾਰ ਹੋਈਆਂ ਸਨ।
ਓਥੇ ਹੀ ਉਸ ਦੇ ਇਸ ਵਿਵਾਦਿਤ ਬਿਆਨ ਨੇ ਸਿਆਸਤ 'ਚ ਉਥਲ-ਪੁਥਲ ਮਚਾ ਦਿੱਤੀ ਹੈ। ਉਸ ਦੇ ਇਸ ਬਿਆਨ ਬਾਰੇ ਬੋਲਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਔਰਤ ਹੋਣ ਦੇ ਬਾਵਜੂਦ ਕੰਗਨਾ ਦਾ ਅਜਿਹੇ ਬਿਆਨ ਦੇਣਾ ਉਸ ਦੀ ਵਿਗੜੀ ਦਿਮਾਗੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਇਕ ਪਾਗਲ ਇਨਸਾਨ ਦੀ ਨਿਸ਼ਾਨੀ ਹੈ।
ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਮੀਡੀਆ ਤੇ ਲਾਈਮਲਾਈਟ 'ਚ ਬਣੇ ਰਹਿਣ ਦੀ ਆਦਤ ਹੁੰਦੀ ਹੈ ਤੇ ਕੰਗਨਾ ਵੀ ਉਸੇ ਆਦਤ ਦੀ ਸ਼ਿਕਾਰ ਹੈ, ਜਿਸ ਕਾਰਨ ਉਹ ਅਜਿਹੀਆਂ ਬਿਆਨਬਾਜ਼ੀਆਂ ਕਰ ਕੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਤੇ ਉਸ ਨੂੰ ਆਪਣੇ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ ਹੈ।