ਨਵੀਂ ਦਿੱਲੀ— ਦਿੱਲੀ ਸਮੇਤ ਦੇਸ਼ ਦੇ ਸੂਬਿਆਂ 'ਚ ਤਾਪਮਾਨ ਵਧਣ ਨਾਲ ਗਰਮੀ ਵਧ ਗਈ ਹੈ। ਰਾਜਸਥਾਨ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40-43 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਉੱਤਰ ਪ੍ਰਦੇਸ਼, ਮਹਾਰਾਸ਼ਟਰ, ਸੌਰਾਸ਼ਟਰ, ਕੱਛ, ਮਰਾਠਵਾੜਾ, ਪੂਰਬੀ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ 'ਤੇ ਤਾਪਮਾਨ ਆਮ ਨਾਲੋਂ 2-4 ਡਿਗਰੀ ਸੈਲਸੀਅਸ ਵੱਧ ਹੈ।
ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਬਾੜਮੇਰ ਵਿੱਚ ਵੱਧ ਤੋਂ ਵੱਧ ਤਾਪਮਾਨ 42.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਗੁਜਰਾਤ ਦਾ ਰਾਜਕੋਟ ਸਭ ਤੋਂ ਗਰਮ ਸਥਾਨ ਰਿਹਾ ਜਿੱਥੇ 41.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਅਹਿਮਦਾਬਾਦ ਵਿੱਚ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਸੈਲਸੀਅਸ, ਭੁਜ ਅਤੇ ਗਾਂਧੀਨਗਰ ਵਿੱਚ 41.1, ਰਾਜਸਥਾਨ ਦੇ ਜੋਧਪੁਰ ਵਿੱਚ 41 ਅਤੇ ਜੈਸਲਮੇਰ ਵਿੱਚ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਵੀ ਇੱਥੇ ਅੱਤ ਦੀ ਗਰਮੀ ਪੈਣ ਦੀ ਸੰਭਾਵਨਾ ਹੈ।