ਭਾਜਪਾ ਦੇ ਗੜ੍ਹ ਵਿੱਚ ਗਰਜੇ ਰਾਹੁਲ ਗਾਂਧੀ, ਕਿਹਾ- “ਬੱਸ ਇਨ੍ਹਾਂ ਦੋ ਵਿਚਾਰਧਾਰਾਵਾਂ ਦੀ ਲੜਾਈ ਐ”

by jaskamal

ਪੱਤਰ ਪ੍ਰੇਰਕ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਰਾਜਿਆਂ ਵਾਂਗ ਕੰਮ ਕਰਦੀ ਹੈ ਅਤੇ ਹਰ ਕੰਮ ਲਈ ਉਪਰੋਂ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ, ਪਰ ਕਾਂਗਰਸ ਵਿੱਚ ਆਮ ਵਰਕਰ ਦੀ ਸੁਣੀ ਜਾਂਦੀ ਹੈ ਅਤੇ ਆਮ ਵਰਕਰ ਵੀ ਲੀਡਰਸ਼ਿਪ ਲੈ ਕੇ ਆਪਣਾ ਸੁਨੇਹਾ ਪਹੁੰਚਾ ਸਕਦਾ ਹੈ।

ਇੱਥੇ ਕਾਂਗਰਸ ਦੇ 139ਵੇਂ ਸਥਾਪਨਾ ਦਿਵਸ ਮੌਕੇ ਕੀਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿੱਚ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਦੇਸ਼ ਵਿੱਚ ਦਲਿਤਾਂ, ਆਦਿਵਾਸੀਆਂ, ਓਬੀਸੀ ਆਦਿ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਜਦੋਂ ਤੱਕ ਦੇਸ਼ ਵਿੱਚ ਜਾਤੀ ਅਧਾਰਤ ਜਨਗਣਨਾ ਨਹੀਂ ਕਰਵਾਈ ਜਾਂਦੀ, ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਦੇਸ਼ ਵਿੱਚ ਜਾਤ ਦੇ ਆਧਾਰ ’ਤੇ ਮਰਦਮਸ਼ੁਮਾਰੀ ਕਰਵਾਈ ਜਾਵੇਗੀ। ਕਾਂਗਰਸ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹਣ ਦਾ ਕੰਮ ਕਰਦੀ ਹੈ ਅਤੇ ਪੂਰੇ ਦੇਸ਼ ਅਤੇ ਸਮੁੱਚੇ ਸਮਾਜ ਵਿੱਚ ਸਦਭਾਵਨਾ ਅਤੇ ਭਾਈਚਾਰਾ ਵਧਾਉਣ ਦਾ ਕੰਮ ਕਰਦੀ ਹੈ।

ਕਾਂਗਰਸੀ ਆਗੂ ਨੇ ਕਿਹਾ ਕਿ ਲੋਕਾਂ ਨੂੰ ਲੱਗਦਾ ਹੈ ਕਿ ਦੇਸ਼ ਵਿੱਚ ਸੱਤਾ ਦੀ ਲੜਾਈ ਚੱਲ ਰਹੀ ਹੈ, ਪਰ ਸੱਚਾਈ ਇਹ ਹੈ ਕਿ ਇਹ ਲੜਾਈ ਦੋ ਵਿਚਾਰਧਾਰਾਵਾਂ ਦਰਮਿਆਨ ਹੈ। ਭਾਜਪਾ ਦੀ ਵਿਚਾਰਧਾਰਾ ਰਾਜਿਆਂ ਦੀ ਵਿਚਾਰਧਾਰਾ ਹੈ, ਉਹ ਕਿਸੇ ਦੀ ਨਹੀਂ ਸੁਣਦੇ। ਭਾਜਪਾ ਵਿੱਚ ਉੱਪਰੋਂ ਹੁਕਮ ਆਉਂਦੇ ਹਨ ਅਤੇ ਸਾਰਿਆਂ ਨੂੰ ਮੰਨਣਾ ਪੈਂਦਾ ਹੈ। ਜਦੋਂ ਕਿ ਕਾਂਗਰਸ ਪਾਰਟੀ ਵਿੱਚ ਵਰਕਰਾਂ ਦੀ ਆਵਾਜ਼ ਆਉਂਦੀ ਹੈ ਅਤੇ ਅਸੀਂ ਇਸ ਦਾ ਸਤਿਕਾਰ ਕਰਦੇ ਹਾਂ।

ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ 'ਚ ਜੋ ਵੀ ਕੰਮ ਹੁੰਦਾ ਹੈ, ਉੱਪਰੋਂ ਹੁਕਮ ਆਉਂਦੇ ਹਨ ਪਰ ਕਾਂਗਰਸ 'ਚ ਛੋਟਾ-ਮੋਟਾ ਵਰਕਰ ਵੀ ਸਾਨੂੰ ਰੋਕ ਕੇ ਸਾਡੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ। ਜਦੋਂ ਮਹਾਰਾਸ਼ਟਰ ਕਾਂਗਰਸ ਪ੍ਰਧਾਨ ਭਾਜਪਾ ਵਿੱਚ ਸਨ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀਐਸਟੀ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੂੰ ਭਜਾ ਦਿੱਤਾ ਗਿਆ ਪਰ ਕਾਂਗਰਸ ਵਿੱਚ ਤਾਂ ਇੱਕ ਆਮ ਆਦਮੀ ਨੂੰ ਵੀ ਬੋਲਣ ਦੀ ਆਜ਼ਾਦੀ ਹੈ।

ਉਨ੍ਹਾਂ ਕਿਹਾ, “ਸਾਡੀ ਵਿਚਾਰਧਾਰਾ ਕਹਿੰਦੀ ਹੈ ਕਿ ਦੇਸ਼ ਦੀ ਵਾਗਡੋਰ ਦੇਸ਼ ਦੇ ਲੋਕਾਂ ਕੋਲ ਰਹਿਣੀ ਚਾਹੀਦੀ ਹੈ ਅਤੇ ਦੇਸ਼ ਨੂੰ ਰਾਜਸ਼ਾਹੀ ਵਾਂਗ ਨਹੀਂ ਸਗੋਂ ਲੋਕਤੰਤਰੀ ਢੰਗ ਨਾਲ ਚਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਦਾਰੇ ਜਨਤਾ ਦੀਆਂ ਵੋਟਾਂ ਨਾਲ ਬਣਦੇ ਹਨ, ਪਰ ਆਰ.ਐਸ.ਐਸ ਨੇ ਸਾਰੀਆਂ ਸੰਸਥਾਵਾਂ 'ਤੇ ਕਬਜ਼ਾ ਕਰ ਲਿਆ ਹੈ। ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਸਿਰਫ਼ ਇੱਕ ਵਿਚਾਰਧਾਰਾ ਦੇ ਲੋਕਾਂ ਵਿੱਚੋਂ ਹੀ ਨਿਯੁਕਤ ਕੀਤੇ ਜਾ ਰਹੇ ਹਨ।