ਖੰਨਾ (ਰਾਘਵ): ਖੰਨਾ ਦੇ ਪਿੰਡ ਰਾਗਮੜ੍ਹ ਸਰਦਾਰਾ 'ਚ ਰਾਹੁਲ ਗਾਂਧੀ ਨੇ ਸ਼ਹੀਦ ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸ਼ਹੀਦ ਦੇ ਮਾਤਾ-ਪਿਤਾ ਅਤੇ 6 ਭੈਣਾਂ ਨਾਲ ਰਾਹੁਲ ਗਾਂਧੀ ਨੇ ਮੁਲਾਕਾਤ ਕਰਕੇ ਅਜੈ ਦੀ ਸ਼ਹਾਦਤ ਨੂੰ ਸਿਰ ਝੁਕਾ ਕੇ ਨਮਨ ਕੀਤਾ। ਅਜੈ ਦੇ ਪਿਤਾ ਚਰਨਜੀਤ ਸਿੰਘ ਦੇ ਹੱਥ 'ਚ ਹੱਥ ਪਾ ਕੇ ਰਾਹੁਲ ਗਾਂਧੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਅਗਨੀਵੀਰ ਸਕੀਮ ਰੱਦ ਕਰਾਂਗੇ।
ਰਾਹੁਲ ਗਾਂਧੀ ਨੇ ਕਮਰੇ 'ਚ ਕਰੀਬ 20 ਮਿੰਟ ਸ਼ਹੀਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਜੈ ਦੇ ਫ਼ੌਜ 'ਚ ਭਰਤੀ ਹੋਣ ਨੂੰ ਲੈ ਕੇ ਜਾਣਕਾਰੀ ਹਾਸਲ ਕੀਤੀ ਅਤੇ ਉਸ ਦੀ ਮਿਹਨਤ ਦੀ ਕਹਾਣੀ ਸੁਣ ਕੇ ਉਹ ਭਾਵੁਕ ਹੋ ਗਏ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਪੁੱਤਾਂ ਨੂੰ ਮਜ਼ਦੂਰ ਬਣਾ ਕੇ ਬਾਰਡਰਾਂ ਦੇ ਸ਼ਹੀਦ ਹੋਣ ਲਈ ਭਰਤੀ ਕਰ ਦਿੱਤਾ ਪਰ ਉਨ੍ਹਾਂ ਦੀ ਸਰਕਾਰ ਬਨਣ ਤੋਂ ਬਾਅਦ ਤੁਰੰਤ ਇਸ ਸਕੀਮ ਨੂੰ ਬੰਦ ਕਰਕੇ ਪੱਕੀ ਪੈਨਸ਼ਨ ਸਮੇਤ ਮੁਕੰਮਲ ਸਹੂਲਤਾਂ ਵਾਲੀ ਸਕੀਮ ਲਾਗੂ ਕੀਤੀ ਜਾਵੇਗੀ।
ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਇੰਡੀਆ ਗਠਜੋੜ ਦੀ ਸਰਕਾਰ ਆਉਣ 'ਤੇ ਅਗਨੀਵੀਰ ਯੋਜਨਾ ਰੱਦ ਕੀਤੀ ਜਾਵੇਗੀ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਲਗਾਤਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਹਨ, ਜੋ ਕਿ ਉਨ੍ਹਾਂ ਦਾ ਵਡੱਪਣ ਹੈ।