ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੰਨੀ ਮਿਹਨਤ ਕਰਨੀ ਹੋਵੇਗੀ ਕਿ ਤਾਂ ਜੋ ਅੱਗੇ ਵੀ ਪੰਜਾਬ ’ਚ ਭਗਵੰਤ ਮਾਨ ਦੀ ਅਗਵਾਈ ’ਚ ‘ਆਪ’ ਦੀ ਸਰਕਾਰ ਬਣੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਲੋਕਾਂ ਨੇ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ। ਉਸ ਤੋਂ ਬਾਅਦ ਹਮੇਸ਼ਾ ਲਈ ਕਾਂਗਰਸ ਅਤੇ ਭਾਜਪਾ ਦਾ ਪੱਤਾ ਸਾਫ਼ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਜਦੋਂ ਕੋਈ ਫੇਲ ਹੋਣ ਵਾਲਾ ਵਿਦਿਆਰਥੀ 50 ਜਾਂ 55 ਫ਼ੀਸਦੀ ਅੰਕ ਪ੍ਰੀਖਿਆ ’ਚ ਲੈ ਲੈਂਦਾ ਸੀ ਤਾਂ ਕੋਈ ਹੈਰਾਨੀ ਨਹੀਂ ਹੁੰਦੀ ਸੀ ਪਰ ਜਦੋਂ 95 ਫ਼ੀਸਦੀ ਅੰਕ ਲੈਣ ਵਾਲਾ ਵਿਦਿਆਰਥੀ 80 ਫ਼ੀਸਦੀ ਜਾਂ ਉਸ ਤੋਂ ਘੱਟ ਅੰਕਾਂ ’ਤੇ ਸਿਮਟ ਜਾਂਦਾ ਸੀ ਤਾਂ ਸਭ ਦੀਆਂ ਨਜ਼ਰਾਂ ਉਸ ਵੱਲ ਚਲੀਆਂ ਜਾਂਦੀਆਂ ਸਨ ਕਿ ਆਖਿਰ 15 ਫ਼ੀਸਦੀ ਅੰਕ ਘੱਟ ਕਿਉਂ ਆਏ ਹਨ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 70 ਜਾਂ 80 ਫ਼ੀਸਦੀ ਅੰਕਾਂ ’ਤੇ ਸਿਮਟਣਾ ਨਹੀਂ ਸਗੋਂ ਉਨ੍ਹਾਂ ਨੂੰ 95 ਫ਼ੀਸਦੀ ਅੰਕਾਂ ਨਾਲ ਕੰਮ ਕਰਨਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਵਿਚ ਧਰਮ ਅਤੇ ਅਧਰਮ ਦੀ ਲੜਾਈ ਹੋਈ ਸੀ। ਅਸੀਂ ਧਰਮ ਨਾਲ ਚੱਲੇ ਸੀ ਜਦੋਂਕਿ ਸਾਡੀਆਂ ਵਿਰੋਧੀ ਪਾਰਟੀਆਂ ਅਧਰਮ ਦਾ ਸਾਥ ਲੈ ਕੇ ਚੱਲੀਆਂ ਸਨ। ਭਗਵੰਤ ਮਾਨ ’ਤੇ ਕਈ ਤਰ੍ਹਾਂ ਦੇ ਵਿਅੰਗ ਕੱਸੇ ਗਏ ਪਰ ਲੋਕਾਂ ਨੇ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਹੱਕ ’ਚ ਇਤਿਹਾਸਕ ਫਤਵਾ ਦਿੱਤਾ। ਚੱਢਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਸੁਨਹਿਰੀ ਦੌਰ ’ਚ ਵਾਪਸ ਲੈ ਕੇ ਜਾਣਾ ਹੈ। ਇਸ ਵਿਚ ਸਭ ਵਿਧਾਇਕਾਂ ਨੂੰ ਟੀਮ ਵਰਕ ਵਜੋਂ ਕੰਮ ਕਰਨਾ ਹੋਵੇਗਾ।