ਚੰਡੀਗੜ੍ਹ (ਦੇਵ ਇੰਦਰਜੀਤ ) ਪੰਜਾਬ ’ਚ ਐਤਵਾਰ ਨੂੰ ਸਿਆਸੀ ਆਗੂਆਂ ਨੂੰ ਕਿਸਾਨਾਂ ਦਾ ਵਿਰੋਧ ਝੱਲਣਾ ਪਿਆ, ਜਿਸ ਕਰਕੇ ਸਾਰਾ ਦਿਨ ਪੁਲੀਸ ਪੱਬਾਂ ਭਾਰ ਰਹੀ। ਜਿੱਥੇ ਕਿਸਾਨ ਧਿਰਾਂ ਨੇ ਭਾਜਪਾ ਆਗੂਆਂ ਖ਼ਿਲਾਫ਼ ਘੇਰਾਬੰਦੀ ਸਖ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਭਾਜਪਾ ਆਗੂ ਵੀ ਸ਼ਹਿਰਾਂ ਵਿੱਚ ਦੌਰੇ ਕਰਨ ਲੱਗੇ ਹਨ। ਪੰਜਾਬ ਪੁਲੀਸ ਇਸ ਭੇੜ ਵਿੱਚ ਫਸੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਵਿੱਚ 32 ਕਿਸਾਨ ਧਿਰਾਂ ਅਤੇ ਬੀਕੇਯੂ (ਉਗਰਾਹਾਂ) ਨੇ ਦਰਜਨਾਂ ਥਾਵਾਂ ’ਤੇ ਪਹਿਲੀ ਅਕਤੂਬਰ ਤੋਂ ਲਗਾਤਾਰ ਧਰਨੇ ਲਾਏ ਹੋਏ ਹਨ। ਅੱਜ ਮੀਂਹ ਤੇ ਠੰਢ ਦੇ ਬਾਵਜੂਦ ਕਿਸਾਨਾਂ ਦੇ ਨਾਅਰੇ ਗੂੰਜਦੇ ਰਹੇ।
ਵੇਰਵਿਆਂ ਅਨੁਸਾਰ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸੰਗਰੂਰ ਵਿੱਚ ਕਿਸਾਨੀ ਸੇਕ ਝੱਲਣਾ ਪਿਆ। ਇਸੇ ਤਰ੍ਹਾਂ ਮੋਗਾ ਦੇ ਭਾਜਪਾ ਪ੍ਰਧਾਨ ਵਿਨੇ ਗੋਇਲ ਦੀ ਹੌਸਲਾ ਅਫ਼ਜ਼ਾਈ ਲਈ ਉਸ ਦੇ ਘਰ ਪੁੱਜੇ ਅਸ਼ਵਨੀ ਸ਼ਰਮਾ ਅਤੇ ਮਨੋਰੰਜਨ ਕਾਲੀਆ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਖਜ਼ਾਨਚੀ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਸੈਂਕੜੇ ਧਰਨਾਕਾਰੀ ਕਿਸਾਨਾਂ-ਮਜ਼ਦੂਰਾਂ ਨੇ ਨਾਅਰੇ ਲਾ ਕੇ ਵਿਰੋਧ ਪ੍ਰਗਟਾਇਆ। ਲਹਿਰਾਗਾਗਾ ਵਿੱਚ ਅੱਜ ਇੱਕ ਭਾਜਪਾ ਆਗੂ ਦੇ ਭੋਗ ਸਮਾਗਮ ਵਿੱਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਪੁੱਜਣਾ ਸੀ ਪਰ ਕਿਸਾਨਾਂ ਨੇ ਪਹਿਲਾਂ ਹੀ ਬਿਗਲ ਵਜਾ ਦਿੱਤਾ, ਜਿਸ ਕਰਕੇ ਦੋਵਾਂ ਆਗੂਆਂ ਨੂੰ ਦੌਰਾ ਰੱਦ ਕਰਨਾ ਪਿਆ।
ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਗੁੜੱਦੀ ਵਿੱਚ ਮ੍ਰਿਤਕ ਕਿਸਾਨ ਦੇ ਘਰ ਅਫ਼ਸੋਸ ਕਰਨ ਲਈ ਹਰਸਿਮਰਤ ਕੌਰ ਬਾਦਲ ਨੇ ਪੁੱਜਣਾ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਪਿੰਡ ਵਿੱਚ ਵਿਰੋਧ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕ ਲਿਆ, ਜਿਸ ਕਰਕੇ ਦੌਰਾ ਰੱਦ ਕਰਨਾ ਪਿਆ। ਇਸੇ ਦੌਰਾਨ 32 ਕਿਸਾਨ ਧਿਰਾਂ ਦੀ ਅਗਵਾਈ ਹੇਠ ਬਰਨਾਲਾ ਵਿੱਚ ਅੱਜ ਭੁੱਖ ਹੜਤਾਲ ’ਚ ਇੱਕ ਬੱਚਾ ਵੀ ਸ਼ਾਮਲ ਹੋਇਆ ਅਤੇ ਨਾਅਰੇ ਠੰਢ ਨੂੰ ਚੀਰਦੇ ਰਹੇ।
ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਠੰਢ ਤੇ ਮੀਂਹ ਨੇ ਵੀ ਕਿਸਾਨੀ ਦੀ ਪ੍ਰੀਖਿਆ ਲਈ, ਜਿਸ ’ਚ ਕਿਸਾਨ ਜੇਤੂ ਰਹੇ। ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਆਖਿਆ ਕਿ ਕਿਸਾਨਾਂ-ਮਜ਼ਦੂਰਾਂ ਅਤੇ ਸਾਰੇ ਹਮਾਇਤੀ ਕਿਰਤੀਆਂ ਅੰਦਰ ਕੇਂਦਰੀ ਹਕੂਮਤ ਖ਼ਿਲਾਫ਼ ਰੋਹ ਪ੍ਰਚੰਡ ਹੋ ਰਿਹਾ ਹੈ। ਇਸੇ ਤਰ੍ਹਾਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਅਤੇ ਇੱਕ ਟੌਲ ਪਲਾਜ਼ੇ ’ਤੇ ਰੈਗੂਲਰ ਧਰਨਾ ਦਿੱਤਾ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਦੇ ਟਰੈਕਟਰ ਮਾਰਚ ਦੀ ਤਿਆਰੀ ਸਬੰਧੀ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਦੀ ਤਿਆਰੀ ਜੰਗੀ ਪੱਧਰ ’ਤੇ ਵਿੱਢ ਦਿੱਤੀ ਗਈ ਹੈ।