ਨਿਊਜ਼ ਡੈਸਕ (ਸਿਮਰਨ) : ਪੰਜਾਬ ਦੀ ਨੌਜਵਾਨ ਪੀੜੀ ਦਿਨੋਂ ਦਿਨ ਹੀ ਖੇਡਾਂ ਦੇ ਵਿਚ ਆਪਣਾ ਨਾਂਅ ਚਮਕਾ ਰਹੀ ਹੈ। ਤਾਜ਼ਾ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਨਾਭਾ ਖੇਤਰ ਦੀ ਇੱਕ ਧੀ ਨੇ ਵਿਦੇਸ਼ 'ਚ ਹੋਏ ਖੇਡ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਿਆ ਹੈ ਜਿਸ ਤੋਂ ਬਾਅਦ ਕਿ ਪੂਰੇ ਪਿੰਡ ਅਤੇ ਲੜਕੀ ਦੇ ਪਰਿਵਾਰ ਦੇ ਵਿਚ ਖੁਸ਼ੀਆਂ ਭਰਿਆ ਮਾਹੌਲ ਹੈ।
ਦੱਸ ਦਈਏ ਕਿ ਜਿਲਾ ਪਟਿਆਲਾ ਦੇ ਨਾਭਾ ਸਥਿਤ ਪਿੰਡ ਮੈਹਸ ਦੀ ਕੁੜੀ ਹਰਜਿੰਦਰ ਕੌਰ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਵਿਚ ਵੇਟਲਿਫਟਿੰਗ 'ਚ ਭਾਗ ਲਿਆ ਸੀ। ਤੇ ਮੁਕਾਬਲੇ ਦੇ ਦੌਰਾਨ ਉਸਨੇ ਬਾਜ਼ੀ ਮਾਰਕੇ ਬਰੌਂਜ਼ ਮੈਡਲ ਭਾਰਤ ਦੇ ਨਾਮ ਕੀਤਾ।
ਓਥੇ ਹੀ ਪੰਜਾਬ ਦੀ ਧੀ ਦੀ ਇਸ ਤਰੱਕੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਮਹਿਲਾ ਵੇਟਲਿਫਟਰ ਹਰਜਿੰਦਰ ਕੌਰ ਨੂੰ ਵਧਾਈਆਂ ਦਿੱਤੀਆਂ ਹਨ।
ਇਸਦੇ ਨਾਲ ਹੀ ਹਰਜਿੰਦਰ ਦੇ ਪਿੰਡ ਅਤੇ ਪਰਿਵਾਰ ਦੇ ਵਿਚ ਵੀ ਖੁਸ਼ੀ ਦੀ ਲਹਿਰ ਦੌਰ ਰਹੀ ਹੈ.ਪੂਰੇ ਪਿੰਡ ਦੇ ਵਿਚ ਪਰਿਵਾਰ ਦੇ ਵੱਲੋਂ ਲੱਡੂ ਵੰਡੇ ਗਏ ਹਨ ਅਤੇ ਭੰਗੜਾ ਪਾਕੇ ਖੁਸ਼ੀਆਂ ਮਨਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮਹਿਲਾ ਵੇਟਲਿਫਟਰ ਹਰਜਿੰਦਰ ਕੌਰ ਨੇ 71 ਕਿਲੋ ਵਰਗ ਵਿੱਚ ਕੁੱਲ 212 ਭਾਰ ਚੁੱਕ ਕੇ ਕਾਂਸੀ ਦਾ ਮੈਡਲ ਜਿੱਤਿਆ। ਇਸਦੇ ਨਾਲ ਹੀ ਉਸਨੇ 93 ਕਿਲੋ ਸਨੈਚ ਤੇ 119 ਕਿਲੋ ਕਲੀਨ ਜਰਕ ਚੁੱਕਿਆ। ਉਹ ਕੱਬਡੀ ਦੀ ਖਿਡਾਰਨ ਵੀ ਰਹਿ ਚੁੱਕੀ ਹੈ। ਹਰਜਿੰਦਰ ਕੌਰ ਦੇ ਕੋਚ ਮੁਤਾਬਕ ਇਹ ਲੜਕੀ ਬਹੁਤ ਮੇਹਨਤੀ ਹੈ। ਅਤੇ ਇਸਨੇ ਸਾਲ 2016 ਦੇ ਵਿਚ ਵੇਟਲਿਫਟਿੰਗ ਸ਼ੁਰੂ ਕੀਤੀ ਸੀ। ਤੇ ਲਗਾਤਾਰ ਆਪਣੀ ਪ੍ਰੈਕਟਿਸ ਜਾਰੀ ਰੱਖੀ ਜਿਸ ਸਦਕਾ ਅੱਜ ਉਸਨੇ ਇਹ ਤਮਗਾ ਜਿੱਤਿਆ ਹੈ ਅਤੇ ਭਾਰਤ ਦਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।