
ਗੁਰਦਾਸਪੁਰ (ਰਾਘਵ): ਗੁਰਦਾਸਪੁਰ ਦੇ ਪਿੰਡ ਭੁੱਲੇਚੱਕ ਦੇ ਨੌਜਵਾਨ ਗੁਰਚਰਨ ਸਿੰਘ ਦੀ ਨਿਊਜ਼ੀਲੈਂਡ ਵਿਚ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਤਕਰੀਬਨ 11 ਸਾਲ ਪਹਿਲਾਂ Study Visa 'ਤੇ ਨਿਊਜ਼ੀਲੈਂਡ ਗਿਆ ਸੀ ਤੇ ਪੜ੍ਹਾਈ ਮਗਰੋਂ ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਪੁਲਸ ਵਿਚ ਅਫ਼ਸਰ ਦੀ ਨੌਕਰੀ ਹਾਸਲ ਕੀਤੀ ਤੇ ਨਿਊਜ਼ੀਲੈਂਡ ਦੀ ਰਾਜਧਾਨੀ ਵੈਲੀਂਗਟਨ ਵਿਚ ਜੇਲ੍ਹ ਅਧਿਕਾਰੀ ਦੇ ਅਹੁਦੇ 'ਤੇ ਨਿਯੁਕਤ ਹੋਇਆ ਸੀ।
ਕੁਝ ਮਹੀਨੇ ਪਹਿਲਾਂ ਗੁਰਸ਼ਰਨ ਆਪਣੇ ਪਿੰਡ ਵਾਪਸ ਆਇਆ ਸੀ ਤੇ 1 ਨਵੰਬਰ 2024 ਨੂੰ ਵਾਪਸ ਨਿਊਜ਼ੀਲੈਂਡ ਚਲਿਆ ਗਿਆ, ਪਰ ਕੁਦਰਤ ਨੇ ਅਜਿਹੀ ਖੇਡ ਖੇਡੀ ਕਿ ਹੱਸਦਾ-ਵੱਸਦਾ ਪਰਿਵਾਰ ਰੋਣ ਨੂੰ ਮਜਬੂਰ ਹੋ ਗਿਆ। ਚਾਰ ਸਾਲ ਦੀ ਬੱਚੀ ਨੂੰ ਤਾਂ ਇਹ ਪਤਾ ਵੀ ਨਹੀਂ ਕਿ ਉਸ ਦੇ ਪਿਤਾ ਹੁਣ ਇਸ ਦੁਨੀਆ ਵਿਚ ਨਹੀਂ ਰਹੇ। 29 ਸਾਲਾ ਗੁਰਚਰਨ ਦੀ 25 ਮਾਰਚ ਨੂੰ ਨਿਊਜ਼ੀਲੈਂਡ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਨੌਕਰੀ 'ਤੇ ਜਾ ਰਿਹਾ ਸੀ ਕਿ ਰਾਹ ਵਿਚ ਹੀ ਇਹ ਹਾਦਸਾ ਵਾਪਰ ਗਿਆ। ਮੌਤ ਦੀ ਖ਼ਬਰ ਸੁਣ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ, ਜਦਕਿ ਉਸ ਦੀ ਪਤਨੀ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਗੁਰਚਰਨ ਦੇ ਪਿਤਾ ਸੁੱਚਾ ਸਿੰਘ ਤੇ ਪਿੰਡ ਦੇ ਸਰਪੰਚ ਦੇ ਭਰਾ ਬਲਵਿੰਦਰ ਸਿੰਘ ਨੇ ਪ੍ਰਸਾਸਨ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਚਰਨ ਦੀ ਲਾਸ਼ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਉਣ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਦਾ ਸਸਕਾਰ ਕਰ ਸਕਣ।