ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਮੌਤ, ਸਦਮੇ ‘ਚ ਪਰਿਵਾਰ

by nripost

ਸੁਲਤਾਨਪੁਰ ਲੋਧੀ (ਰਾਘਵ): ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਦਮਨਪ੍ਰੀਤ ਸਿੰਘ ਵਾਸੀ ਪੰਡੋਰੀ ਮੁਹੱਲਾ ਸੁਲਤਾਨਪੁਰ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਜਗਜੀਤ ਸਿੰਘ ਸਪੁੱਤਰ ਕਰਤਾਰ ਸਿੰਘ ਵਾਸੀ ਪੰਡੋਰੀ ਮੁਹੱਲਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਆਸਟ੍ਰੇਲੀਆ ’ਚ 15 ਮਾਰਚ 2025 ਨੂੰ ਬ੍ਰਿਸਬੇਨ ਨਦੀ ’ਚੋਂ ਉਸ ਦੇ ਬੇਟੇ ਦਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਮਿਲੀ ਹੈ, ਜਿਸ ਦੀ ਜਾਣਕਾਰੀ ਸੈਂਡਗੇਟ ਪੁਲਸ ਵੱਲੋਂ ਉੱਥੇ ਰਹਿ ਰਹੀ ਉਸ ਦੀ ਭੈਣ ਅਮਨਦੀਪ ਨੂੰ ਦਿੱਤੀ ਗਈ। ਹੁਣ ਉਸ ਦੀ ਮ੍ਰਿਤਕ ਦੇਹ ਉੱਥੋਂ ਦੀ ਪੁਲਸ ਕੋਲ ਹੈ। ਜਿਵੇਂ ਹੀ ਪੁੱਤਰ ਦੀ ਮੌਤ ਦੀ ਖ਼ਬਰ ਸੁਣੀ ਤਾਂ ਪਰਿਵਾਰ ਵਿਚ ਮਾਤਮ ਛਾ ਗਿਆ। ਸਾਰਾ ਪਰਿਵਾਰ ਸਦਮੇ ਵਿਚ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਕੋਲੋਂ ਮੰਗ ਕੀਤੀ ਹੈ, ਉਸ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਮੰਗਵਾਉਣ ਵਿਚ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਉਸਦੀਆਂ ਅੰਤਿਮ ਰਸਮਾਂ ਇਥੇ ਭਾਰਤੀ ਰੀਤੀ ਰਿਵਾਜਾਂ ਮੁਤਾਬਕ ਕਰ ਸਕੀਏ।