ਟਰੋਂਟੋ (ਰਾਘਵ) - ਕੈਨੇਡਾ 'ਚ ਪਿਛਲੇ ਇਕ ਹਫ਼ਤੇ ਤੋਂ ਲਾਪਤਾ ਹੋਏ ਪਿੰਡ ਅੱਬੂਵਾਲ ਦੇ ਨੌਜਵਾਨ ਵਲੋਂ ਨਿਆਗਰਾ ਫਾਲਜ਼ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਲਾਪਤਾ ਨੌਜਵਾਨ ਚਰਨਦੀਪ ਸਿੰਘ ਪੁੱਤਰ ਜ਼ੋਰਾ ਸਿੰਘ ਅਜੇ ਦਸ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ। ਮ੍ਰਿਤਕ ਨੌਜਵਾਨ ਚਰਨਦੀਪ ਸਿੰਘ ਦੇ ਚਾਚਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਚਰਨਦੀਪ ਸਿੰਘ ਦੇ ਖ਼ੁਦਕੁਸ਼ੀ ਕਰਨ ਸਬੰਧੀ ਜਾਣਕਾਰੀ ਕੈਨੇਡੀਅਨ ਪੁਲਸ ਵਲੋਂ ਦਿੱਤੀ ਗਈ ਹੈ, ਜਿਨ੍ਹਾਂ ਦੱਸਿਆ ਕਿ ਚਰਨਦੀਪ ਸਿੰਘ ਨੇ ਆਪਣਾ ਫੋਨ ਨਿਆਗਰਾ ਫਾਲਜ਼ ਕਿਨਾਰੇ ਰੱਖ ਕੇ ਪਾਣੀ ਵਿਚ ਛਾਲ ਮਾਰ ਦਿੱਤੀ।
ਉਸ ਵੱਲੋਂ ਛਾਲ ਮਾਰੇ ਜਾਣ ਦੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਕੈਨੇਡੀਅਨ ਪੁਲਿਸ ਅਨੁਸਾਰ ਅਜੇ ਲਾਸ਼ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ ਹੈ ਕਿਉਂਕਿ ਨਿਆਗਰਾ ਫਾਲਜ਼ ਵਿਚੋਂ ਕਈ ਲਾਸ਼ਾਂ ਮਿਲੀਆਂ ਹਨ ਤੇ ਚਰਨਦੀਪ ਸਿੰਘ ਦੀ ਪਛਾਣ ਡੀ.ਐੱਨ.ਏ. ਟੈਸਟ ਉਪਰੰਤ ਹੋਵੇਗੀ। ਦੱਸ ਦਈਏ ਕਿ ਉਸ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਹਾਲੇ ਕੋਈ ਵਜ੍ਹਾ ਵੀ ਸਾਹਮਣੇ ਨਹੀਂ ਆ ਸਕੀ ਹੈ। ਮ੍ਰਿਤਕ ਦੇ ਪਰਿਵਾਰ ਨੇ ਚਰਨਜੀਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।