ਚੰਡੀਗੜ : ਪੰਜਾਬੀ ਗੀਤਾਂ 'ਚ ਦਿਨੋ-ਦਿਨ ਵੱਧ ਰਹੀਆਂ ਅਸ਼ਲੀਲਤਾ ਨੂੰ ਠੱਲ੍ਹ ਪਾਉਣ ਲਈ ਪੰਜਾਬ ਰਾਜ 'ਚ ਫਿਲਮਾਂ ਵਾਂਗ ਹੀ ਗੀਤਾਂ ਲਈ ਵੀ ਸੈਂਸਰ ਬੋਰਡ ਬਣਾਇਆ ਜਾਵੇ। ਉਕਤ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਕੀਤਾ ਗਿਆ।ਗੁਲਾਟੀ ਨੇ ਕਿਹਾ ਕਿ ਸਾਡੇ ਸਮਾਜ 'ਚ ਗੀਤ ਸੰਗੀਤ ਦਾ ਅਹਿਮ ਰੋਲ ਹੈ, ਇਹ ਸਾਡੇ ਰਸਮਾਂ ਰਿਵਾਜਾਂ ਦੇ ਹਿੱਸਾ ਹਨ। ਉਨ੍ਹਾਂ ਕਿਹਾ ਕਿ ਹਨੀ ਸਿੰਘ ਵੱਲੋਂ ਗਾਏ ਗਏ ਗੀਤ 'ਮੱਖਣਾਂ' ਇੱਕ ਸ਼ਰਮਨਾਕ ਕਾਰਾ ਹੈ। ਅੱਜਕਲ ਨੌਜਵਾਨ ਪ੍ਰੋਗਰਾਮਾਂ 'ਚ ਵੱਜ ਰਹੇ ਸੰਗੀਤ 'ਤੇ ਜਦੋਂ ਨੱਚ ਰਹੇ ਹੁੰਦੇ ਹਨ ਤਾਂ ਉਹ ਗੀਤ ਦੇ ਬੋਲਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਇਸ ਗੀਤ ਦੇ ਬੋਲਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਸ ਗੀਤ ਦੇ ਬੋਲਾਂ ਰਾਹੀਂ ਮਨੁੱਖ ਨੂੰ ਜਨਮ ਦੇਣ ਵਾਲੀ ਔਰਤ ਪ੍ਰਤੀ ਬਹੁਤ ਹੀ ਗੰਦੀਆਂ ਗੱਲਾਂ ਕਹੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਬਾਕੀ ਗਾਇਕਾਂ, ਗੀਤਕਾਰਾਂ ਅਤੇ ਪ੍ਰੋਡਿਊਸਰਾਂ ਲਈ ਸਬਕ ਹੋਵੇਗਾ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਗਾਇਕਾਂ ਵੱਲੋਂ ਜਲਦ ਪ੍ਰਸਿੱਧ ਹੋਣ ਦੇ ਚੱਕਰ ਵਿੱਚ ਪਰੋਸੇ ਜਾ ਰਹੇ ਗੰਦੇ ਗੀਤਾਂ ਸਬੰਧੀ ਸਮਾਜ ਅਤੇ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪੁਲਿਸ ਵੱਲੋਂ ਹਨੀ ਸਿੰਘ ਵਿਰੁੱਧ ਕਾਨੂੰਨ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਇਸ ਮਾਮਲੇ 'ਚ ਵੀ ਕਮਿਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਕਮਿਸ਼ਨ ਪੰਜਾਬ ਸਰਕਾਰ ਦੇ ਵਕੀਲਾਂ ਰਾਹੀਂ ਹਨੀ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਲਗਾਈ ਜਾ ਰਹੀ ਬੇਲ ਅਰਜ਼ੀ ਨੂੰ ਖਾਰਜ ਕਰਵਾਉਣ ਲਈ ਵੀ ਪੂਰੀ ਸਰਗਰਮੀ ਨਾਲ ਯਤਨ ਕੀਤਾ ਜਾਵੇਗਾ।ਉਨ੍ਹਾਂ ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਕਮਿਸ਼ਨ ਵੱਲੋਂ ਗੰਦੇ ਗੀਤਾਂ ਵਿਰੁੱਧ ਆਰੰਭੀ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਪਾਉਣ ਅਤੇ ਗਾਇਕਾਂ, ਗੀਤਕਾਰਾਂ ਅਤੇ ਪ੍ਰੋਡਿਊਸਰਾਂ ਨੂੰ ਇਸ ਗੱਲ ਲਈ ਸਹਿਮਤ ਕਰਨ ਕਿ ਉਹ ਭਵਿੱਖ ਵਿੱਚ ਇਸ ਤਰ੍ਹਾਂ ਦਾ ਗਾਣਾ ਨਾ ਬਣਾਉਣ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਮਾਮਲੇ ਦੇ ਉਠਣ ਤੋਂ ਬਾਅਦ ਹਨੀ ਸਿੰਘ ਦੇ ਕੁਝ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਅਤੇ ਫੋਨ ਉੱਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗਾਲਾਂ ਕੱਢੀਆਂ ਜਾ ਰਹੀਆਂ ਜਿਸ ਬਾਰੇ ਮੈਂ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਅਜਿਹੀਆਂ ਧਮਕੀਆਂ ਤੋ ਡਰਨ ਵਾਲੀ ਨਹੀਂ ਹਾਂ।