ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮਾਛੀਵਾੜਾ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੱਭਿਆਚਾਰਕ ਗੀਤ ਗਾਉਣ ਵਾਲੀ ਪੰਜਾਬੀ ਗਾਇਕਾ ਪਰਮਜੀਤ ਕੌਰ ਵਾਸੀ ਪਿੰਡ ਰਹਿਮਬਾਦ ਪੁਲਿਸ ਮੁਤਾਬਕ ਚਿੱਟਾ ਵੇਚਣ ਵਾਲੀ ਨਿਕਲੀ। ਦੱਸਿਆ ਜਾ ਰਿਹਾ ਕੁਝ ਦਿਨ ਪਹਿਲਾਂ ਚਿੱਟੇ ਨਾਲ ਮਰੇ ਨੌਜਵਾਨ ਕੁਲਦੀਪ ਸਿੰਘ ਦੇ ਮਾਮਲੇ 'ਚ ਗਾਇਕ ਪਰਮਜੀਤ ਕੌਰ ਸਮੇਤ ਜਗਦੀਸ਼ ਸਿੰਘ ਵਾਸੀ ਲੱਖੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ।ਪੁਲਿਸ ਅਧਿਕਾਰੀ ਮਨਦੀਪ ਕੌਰ ਨੇ ਦੱਸਿਆ ਕਿ ਬੀਤੀ ਦਿਨੀਂ ਪਿੰਡ ਮਾਣੇਵਾਲ ਦਾ ਨੌਜਵਾਨ ਕੁਲਦੀਪ ਸਿੰਘ ਨਸ਼ੇ ਦਾ ਟੀਕਾ ਲਗਾਉਣ ਕਾਰਨ ਸ਼ਮਸ਼ਾਨਘਾਟ ਕੋਲ ਮ੍ਰਿਤਕ ਪਿਆ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਸਮੇਤ 2 ਮਹਿਲਾਵਾਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਸੀ ।
ਨੌਜਵਾਨ ਦੀ ਮੌਤ ਤੋਂ ਬਾਅਦ SSP ਅਮਨੀਤ ਦੀ ਅਗਵਾਈ 'ਚ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਉਸ ਦੇ ਕੋਲ ਹੀ ਪਿੰਡ ਰਹੀਮਬਾਦ ਦੀ ਵਾਸੀ ਪਰਮਜੀਤ ਕੌਰ ਤੋਂ ਨਸ਼ਾ ਲੈ ਕੇ ਆਇਆ ਸੀ। ਪੁਲਿਸ ਅਨੁਸਾਰ ਮ੍ਰਿਤਕ ਨੌਜਵਾਨ ਨਾਲ ਇਸ ਦੇ ਹੋਰ ਕਈ ਸਾਥੀ ਸਨ, ਜਿਨ੍ਹਾਂ ਨੇ ਜਗਦੀਸ਼ ਸਿੰਘ ਤੋਂ ਨਸ਼ਾ ਖਰੀਦਿਆ ਤੇ ਫਿਰ ਟੀਕੇ ਲਗਾਉਣ ਲੱਗ ਪਏ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਕੁਲਦੀਪ ਸਿੰਘ ਨੇ ਸਭ ਤੋਂ ਪਹਿਲਾਂ ਨਸ਼ੇ ਦਾ ਟੀਕਾ ਲਗਾਇਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।ਇਸ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਛੱਡ ਕੇ ਫਰਾਰ ਹੋ ਗਏ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।