ਪੰਜਾਬੀ ਗਾਇਕ KS ਮੱਖਣ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਲਾਹੇ ਆਪਣੇ ਸਿੱਖੀ ਕਕਾਰ

by

ਜਲੰਧਰ (ਇੰਦਰਜੀਤ ਸਿੰਘ) : ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਕੇਐੱਸ ਮੱਖਣ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਿੱਖੀ ਸਰੂਪ ਦਾ ਤਿਆਗ ਕੀਤਾ ਹੈ। ਕੁਝ ਸਾਲ ਪਹਿਲਾਂ ਸਿੱਖ ਧਰਮ ਅਪਣਾਉਣ ਵਾਲੇ ਕੇਐੱਸ ਮੱਖਣ ਨੇ ਆਪਣੇ ਕਕਾਰ ਗੁਰੂ ਚਰਨਾਂ 'ਚ ਸਮਰਪਿਤ ਕਰ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਲੋਕ ਉਨ੍ਹਾਂ ਦੇ ਨਾਲ ਧਾਰਮਿਕ ਵਿਵਾਦ ਜੋੜ ਰਹੇ ਹਨ। ਉਨ੍ਹਾਂ ਦਾ ਨਾਂ ਲੈ ਕੇ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਹੈ। ਉਨ੍ਹਾਂ ਲਾਈਵ ਹੋ ਕੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਕਰਕੇ ਕੋਈ ਧਾਰਮਿਕ ਵਿਵਾਦ ਸ਼ੁਰੂ ਹੋਵੇ, ਇਸ ਲਈ ਉਹ ਆਪਣਾ ਸਿੱਖ ਧਰਮ ਛੱਡ ਰਹੇ ਹਨ।

ਬੀਤੇ ਦਿਨੀਂ ਗਾਇਕ ਗੁਰਦਾਸ ਮਾਨ ਵਲੋਂ ਹਿੰਦੀ ਦੇ ਹੱਕ 'ਚ ਦਿੱਤੇ ਗਏ ਬਿਆਨ ਦਾ ਮੱਖਣ ਨੇ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਗੁਰਦਾਸ ਮਾਨ ਤੇ ਕੇਐੱਸ ਮੱਖਣ ਦੋਵੇਂ ਪੰਜਾਬੀ ਸਮਰਥਕਾਂ ਤੇ ਕਈ ਸਿਆਸੀ ਆਗੂਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਪੰਜਾਬੀ ਗਾਇਕ ਕੇਐੱਸ ਮੱਖਣ ਵਲੋਂ ਲਾਈਵ ਹੋ ਕੇ ਉਤਾਰੇ ਕਕਾਰਾਂ ਸਬੰਧੀ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੱਖਣ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੂੰ ਕੋਈ ਕਦਮ ਚੁੱਕਣਾ ਚਾਹੀਦਾ ਹੈ ਤੇ ਪੰਜ ਪਿਆਰਿਆਂ ਵਲੋਂ ਕੇਐਸ ਮੱਖਣ ਨੂੰ ਤਲਬ ਕਰਨਾ ਚਾਹੀਦਾ ਹੈ। ਉੱਥੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੱਖਣ ਨੇ ਲਾਈਵ ਹੋ ਕੇ ਜੋ ਕਕਾਰਾਂ ਦੀ ਬੇਅਦਬੀ ਕੀਤੀ ਹੈ, ਉਸ ਖ਼ਿਲਾਫ਼ ਬੇਅਦਬੀ ਕਰਨ ਦਾ ਪਰਚਾ ਕਰਵਾਉਣਗੇ।