ਲੁਧਿਆਣਾ (ਇੰਦਰਜੀਤ ਸਿੰਘ) : ਪਿੰਡ ਧਰੋੜ 'ਚ ਦੋਸਤ ਦੇ ਜਨਮਦਿਨ ਦੀ ਪਾਰਟੀ 'ਤੇ ਆਏ ਪੰਜਾਬੀ ਗਾਇਕ ਐਲੀ ਮਾਂਗਟ ਨੇ ਹਵਾਈ ਫਾਇਰ ਕਰਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਐਨਾ ਹੀ ਨਹੀਂ ਐਲੀ ਮਾਂਗਟ ਦੇ ਦੋਸਤਾਂ ਨੇ ਫਾਇਰਿੰਗ ਕਰਦਿਆਂ ਦੀ ਉਸ ਦੀ ਵੀਡੀਓ ਵੀ ਬਣਾਈ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਧਰੋੜ ਦੇ ਰਹਿਣ ਵਾਲੇ ਕਿਸੇ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਇਸ ਮਾਮਲੇ 'ਚ ਸੂਚਨਾ ਮਿਲਦਿਆਂ ਹੀ ਏਐੱਸਆਈ ਬਲਬੀਰ ਸਿੰਘ ਮੌਕੇ 'ਤੇ ਪਹੁੰਚੇ। ਪੁਲਿਸ ਨੇ ਏਐੱਸਆਈ ਬਲਬੀਰ ਸਿੰਘ ਦੇ ਬਿਆਨਾਂ 'ਤੇ ਪੰਜਾਬੀ ਗਾਇਕ ਐਲੀ ਮਾਂਗਟ, ਪਿੰਡ ਧਰੋੜ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਤੇ ਗੁਰਬੰਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗੁਰਬੰਤ ਸਿੰਘ ਨੂੰ ਬਾਰਾਂ ਬੋਰ ਦੀ ਰਾਈਫਲ ਤੇ ਨੌਂ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮ ਗੁਰਬੰਤ ਸਿੰਘ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਰਾਈਫਲ ਤੇ ਕਾਰਤੂਸਾਂ ਨੂੰ ਨਹਿਰ 'ਚ ਸੁੱਟਣ ਜਾ ਰਿਹਾ ਸੀ। ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਭੁਪਿੰਦਰ ਸਿੰਘ ਤੇ ਐਲੀ ਮਾਂਗਟ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।