ਵੈੱਬ ਡੈਸਕ (Nri Media) : ਫਰੀਦਕੋਟ ਦੀ ਧੀ ਪੁਨੀਤ ਚਾਵਲਾ, ਜੋ ਕੈਨੇਡਾ ਦੀ ਆਰਮਡ ਫੋਰਸ ਦੇ ਸਾਰੇ ਟੈਸਟ ਪਾਸ ਕਰ ਇਸ ਦਾ ਹਿੱਸਾ ਬਣ ਚੁੱਕੀ ਹੈ। ਜੀ ਹਾਂ, ਪੁਨੀਤ ਪੰਜਾਬ ਦੀ ਪਹਿਲੀ ਪੰਜਾਬਣ ਹੈ, ਜਿਸ ਨੇ ਕੈਨੇਡਾ ਦੀ ਫੋਰਸ 'ਚ ਇਹ ਅਹਿਮ ਅਹੁਦਾ ਪ੍ਰਾਪਤ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਫਰੀਦਕੋਟ ਜ਼ਿਲ੍ਹੇ ਦੇ ਚਾਵਲਾ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਖੁਸ਼ੀ 'ਚ ਖੀਵੇ ਹੋਏ ਫਰੀਦਕੋਟ ਨਾਲ ਸਬੰਧਤ ਪੁਨੀਤ ਚਾਵਲਾ ਦੇ ਪਿਤਾ ਰਾਜੇਸ਼ ਚਾਵਲਾ ਅਤੇ ਮਾਤਾ ਹਰਦੀਪ ਚਾਵਲਾ ਨੇ ਦੱਸਿਆ ਕਿ 22 ਸਾਲ ਪਹਿਲਾਂ ਪੁਨੀਤ ਜਦੋਂ 1 ਸਾਲ ਦੀ ਸੀ, ਉਹ ਫਰੀਦਕੋਟ ਅਤੇ ਪੰਜਾਬ ਛੱਡ ਕੇ ਕੈਨੇਡਾ ਦੇ ਕੈਲਗਿਰੀ 'ਚ ਆ ਕੇ ਵਸ ਗਏ ਸਨ।
ਇਥੇ ਹੀ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਉਹ ਕੈਨੇਡਾ ਦੀ ਆਰਮਡ ਫੋਰਸ 'ਚ ਭਰਤੀ ਹੋਵੇ, ਜਿਸ ਦੇ ਲਈ ਉਸ ਨੇ ਸਖਤ ਮਿਹਨਤ ਕੀਤੀ। ਉਨ੍ਹਾਂ ਦੱਸਿਆ ਕਿ ਪੜ੍ਹਾਈ ਅਤੇ ਟੈਸਟ ਦੀ ਤਿਆਰੀ ਦੇ ਨਾਲ-ਨਾਲ ਪੁਨੀਤ ਨੇ ਸਰੀਰਕ ਤੌਰ 'ਤੇ ਵੀ ਬਹੁਤ ਮਿਹਨਤ ਕੀਤੀ।
ਇਸ ਦੇ ਲਈ ਉਸ ਨੇ ਆਪਣਾ 60 ਪੌਂਡ ਤੱਕ ਭਾਰ ਘਟਾਇਆ ਅਤੇ ਫੋਰਸ ਲਈ ਲੋੜੀਦੀਆਂ ਸਰੀਰਤ ਯੋਗਤਾਵਾਂ ਮੁਤਾਬਕ ਆਪਣਾ ਸਰੀਰ ਫਿਟ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਉਸ ਨੇ ਕਨੇਡੀਅਨ ਇਨਫੈਂਟਰੀ 'ਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਉਸ ਦੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾਵਾਂ ਉਪਰ ਪਕੜ ਦੇਖ ਹੁਣ ਕੈਨੇਡਾ ਦੀ ਆਰਮਡ ਫੋਰਸ ਦੇ ਅਧਿਕਾਰੀਆਂ ਨੇ ਫੈਸਲਾ ਕੀਤਾ ਕਿ ਉਸ ਨੂੰ ਇੰਟੈਲੀਜੈਂਸੀ 'ਚ ਤਾਇਨਾਤ ਕੀਤਾ ਜਾਵੇ।