ਪੜ੍ਹਾਈ ਲਈ ਕੈਨੇਡਾ ਗਏ ਲੁਧਿਆਣਾ ਵਾਸੀ ਚਰਨਦੀਪ ਸਿੰਘ ਦੀ ਲਾਸ਼ ਨਿਆਗਰਾਫਾਲ ਵਿੱਚੋਂ ਮਿਲੀ

by vikramsehajpal

ਗੁਰੂਸਰ ਸੁਧਾਰ (ਸਾਹਿਬ): ਪੜ੍ਹਾਈ ਲਈ ਕੈਨੇਡਾ ਗਏ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੱਬੂਵਾਲ ਵਾਸੀ ਚਰਨਦੀਪ ਸਿੰਘ (22) ਦੀ ਲਾਸ਼ ਨਿਆਗਰਾਫਾਲ ਵਿੱਚੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਪਿਛਲੇ ਵੀਰਵਾਰ ਤੋਂ ਲਾਪਤਾ ਸੀ। ਕੈਨੇਡਾ ਦੀ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਨਿਆਗਰਾਫਾਲ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਚਰਨਦੀਪ ਸਿੰਘ ਬੀਤੀ 20 ਜੂਨ ਨੂੰ ਸਵੇਰੇ ਆਪਣੇ ਦੋਸਤਾਂ ਨਾਲ ਨਿਆਗਰਾਫਾਲ ਕੰਮ ’ਤੇ ਜਾਣ ਬਾਰੇ ਆਖ ਕੇ ਚਲਾ ਗਿਆ ਸੀ। ਉਸ ਦਿਨ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਸੀ।

ਕੈਨੇਡਾ ਪੁਲੀਸ ਦੇ ਅਧਿਕਾਰੀ ਡਸਟਿਨ ਬਲਾਸਨ ਨੇ ਚਰਨਦੀਪ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਕੈਨੇਡੀਅਨ ਨਾਗਰਿਕ ਸੁਖਵਿੰਦਰ ਸਿੰਘ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ ਹੈ। ਪੁਲੀਸ ਅਧਿਕਾਰੀ ਅਨੁਸਾਰ ਨਿਆਗਰਾਫਾਲ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਚਰਨਦੀਪ ਸਿੰਘ ਆਪਣਾ ਫੋਨ ਰੱਖ ਕੇ ਨਿਆਗਰਾਫਾਲ ਵਿੱਚ ਛਾਲ ਮਾਰਦਾ ਦਿਖਾਈ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਖਰਾਬ ਹਾਲਤ ਵਿੱਚ ਅੱਧੀ ਦਰਜਨ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਮੁਸ਼ਕਿਲ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਚਰਨਦੀਪ ਦੇ ਨਾਲ ਕਿਰਾਏ ’ਤੇ ਰਹਿੰਦੇ ਚਾਰ ਦੋਸਤਾਂ ਨੇ ਲਾਸ਼ ਦੀ ਪਛਾਣ ਕਰ ਲਈ ਹੈ ਪਰ ਪੁਲੀਸ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰੀਆਂ ਲਾਸ਼ਾਂ ਦਾ ਡੀਐੱਨਏ ਟੈਸਟ ਕਰਾਉਣ ਤੋਂ ਬਾਅਦ ਹੀ ਲਾਸ਼ਾਂ ਵਾਰਸਾਂ ਹਵਾਲੇ ਕੀਤੀਆਂ ਜਾਣਗੀਆਂ। ਮ੍ਰਿਤਕ ਦੀ ਮਾਤਾ ਬਿੰਦਰ ਕੌਰ ਨੇ ਦੋਸ਼ ਲਾਇਆ ਕਿ ਚਰਨਦੀਪ ਆਪਣੇ ਦੋਸਤਾਂ ਤੋਂ ਪ੍ਰੇਸ਼ਾਨ ਸੀ। ਉਸ ਨੇ ਕਿਹਾ ਕਿ ਚਰਨਦੀਪ ਨੇ ਇਸ ਬਾਰੇ ਫੋਨ ’ਤੇ ਦੱਸਿਆ ਸੀ। ਉਨ੍ਹਾਂ ਸਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਕਿਸਾਨ ਜ਼ੋਰਾ ਸਿੰਘ ਦਾ ਪੁੱਤਰ 10 ਮਹੀਨੇ ਪਹਿਲਾਂ ਹੀ ਨਿਆਗਰਾ ਕਾਲਜ ਵਿੱਚ ਪੜ੍ਹਾਈ ਲਈ ਗਿਆ ਸੀ।