Punjab: ਸਵਾਰੀ ਬਣ ਈ-ਰਿਕਸ਼ਾ ਲੁੱਟਣ ਵਾਲੇ ਦੋ ਮੁਲਜ਼ਮ ਗ੍ਰਿਫਤਾਰ

by nripost

ਲੁਧਿਆਣਾ (ਜਸਪ੍ਰੀਤ): ਲੁਧਿਆਣਾ ਦੇ ਥਾਣਾ ਡੇਹਲੋ ਦੀ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿਰਾਏ 'ਤੇ ਆਟੋ ਲੈ ਕੇ ਸੁੰਨਸਾਨ ਥਾਂ 'ਤੇ ਜਾਂਦੇ ਅਤੇ ਡਰਾਈਵਰ ਧੱਕਾ ਦੇ ਕੇ ਆਟੋ ਲੁੱਟ ਕੇ ਫਰਾਰ ਹੋ ਜਾਂਦੇ l ਜਾਂਚ ਅਧਿਕਾਰੀ ਸੁਖਪਾਲ ਸਿੰਘ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੱਲਾ ਲੇਬਰ ਕਲੋਨੀ ਅਰਬਨ ਫੇਸ 1ਦੇ ਵਾਸੀ ਸ਼ਮਸ਼ੇਰ ਸਿੰਘ ਅਤੇ ਸੀਐਮਸੀ ਕਲੋਨੀ ਨੇੜੇ ਹੁੰਦਲ ਚੌਂਕ ਤਾਜਪੁਰ ਰੋਡ ਦੇ ਰਹਿਣ ਵਾਲੇ ਸੁਨੀਲ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ ਦੋ ਈ-ਰਿਕਸ਼ਾ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਮੁਲਜ਼ਮਾਂ ਦੀਆਂ ਵਾਰਦਾਤਾਂ ਸਬੰਧੀ ਜਾਣਕਾਰੀ ਮਿਲੀ l ਸੂਚਨਾ ਤੋਂ ਬਾਅਦ ਪੁਲਿਸ ਨੇ ਬਾੜੀ ਚੌਂਕ ਘਵੱਦੀ ਵਿੱਚ ਨਾਕਾਬੰਦੀ ਕਰਕੇ ਦੋਵਾਂ ਨੂੰ ਹਿਰਾਸਤ ਵਿੱਚ ਲਿਆ l

ਪੁਲਿਸ ਪਾਰਟੀ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਦੋ ਈ-ਰਿਕਸ਼ਾ ਬਰਾਮਦ ਕੀਤੇ l ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਦ ਮੁਲਜਮਾਂ ਕੋਲੋਂ ਮੁੱਢਲੀ ਪੁੱਛਗਿਛ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਈ-ਰਿਕਸ਼ਾ ਦੀ ਤਲਾਸ਼ ਕਰਦੇ ਅਤੇ ਚਾਲਕ ਨੂੰ ਇਹ ਕਹਿੰਦੇ ਕਿ ਉਨਾਂ ਨੇ ਰਾੜਾ ਸਾਹਿਬ ਮੱਥਾ ਟੇਕਣ ਜਾਣਾ ਹੈ l ਚੰਗੇ ਕਿਰਾਏ ਦੇ ਲਾਲਚ ਵਿੱਚ ਆ ਕੇ ਆਟੋ ਚਾਲਕ ਉਹਨਾਂ ਨਾਲ ਚੱਲ ਪੈਂਦਾl ਮੁਲਜਮ ਰਾੜਾ ਸਾਹਿਬ ਲਿਜਾਣ ਦੀ ਬਜਾਏ ਉਸਨੂੰ ਸੁਨਸਾਨ ਥਾਂ ਤੇ ਲਿਜਾ ਕੇ ਆਟੋ ਤੋਂ ਹੇਠਾਂ ਧੱਕਾ ਦੇ ਦਿੰਦੇ l ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜਮ ਸੁਨੀਲ ਦੇ ਖਿਲਾਫ ਪਹਿਲੋਂ ਤੋਂ ਹੀ ਐਨਡੀਪੀਐਸ ਐਕਟ ਦਾ ਇੱਕ ਮੁਕਦਮਾ ਦਰਜ ਹੈ l ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਮੁਲਜਮਾਂ ਨੂੰ ਸੋਮਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ l ਥਾਣਾ ਡੇਹਲੋ ਦੀ ਪੁਲਿਸ ਦਾ ਮੰਨਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣਗੇ l