
ਬਰਨਾਲਾ (ਰਾਘਵ): ਨਜ਼ਦੀਕੀ ਪਿੰਡ ਤਾਜੋ ਰੂੜੇਕੇ ਲਿੰਕ ਰੋਡ ’ਤੇ ਅਮਪਛਾਤੇ ਵਾਹਨ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਭੂਆ-ਭਤੀਜੇ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਵਾਸੀ ਕਾਹਨੇਕੇ ਆਪਣੀ ਭੂਆ ਮਲਕੀਤ ਕੌਰ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਪਾ ਤੋਂ ਵਾਇਆ ਤਾਜੋ ਰੂੜੇਕੇ ਲਿੰਕ ਰੋਡ ਰਾਹੀਂ ਆਪਣੇ ਪਿੰਡ ਕਾਹਨੇਕੇ ਜਾ ਰਹੇ ਸਨ। ਜਦੋਂ ਉਹ ਤਾਜੋ ਰੂੜੇਕੇ ਲਿੰਕ ਰੋਡ ’ਤੇ ਸ਼ੈਲਰ ਨਜ਼ਦੀਕ ਪੁੱਜੇ ਤਾਂ ਸਾਹਮਣਿਓਂ ਆ ਰਹੇ ਇਕ ਅਣਪਛਾਤੇ ਵਾਹਨ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ ਅਤੇ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ’ਚ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਮੌਕੇ ਤੋਂ ਲੰਘ ਰਹੇ ਰਾਹਗੀਰਾਂ ਨੇ ਤੁਰੰਤ ਇਸ ਦੀ ਸੂਚਨਾ ਮਿੰਨੀ ਸਹਾਰਾ ਕਲੱਬ ਅਤੇ ਤਪਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਹੀ ਸਹਾਰਾ ਕਲੱਬ ਦੀਆਂ ਐਂਬੂਲੈਂਸਾਂ ਮੌਕੇ ’ਤੇ ਪੁੱਜੀਆਂ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।