
ਤਰਨਤਾਰਨ (ਰਾਘਵ): ਟਰੱਕ ਅਤੇ ਇਨੋਵਾ ਕਾਰ ਦੀ ਹੋਈ ਟੱਕਰ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਨਵਦੀਪ ਸਿੰਘ (28) ਪੁੱਤਰ ਬਚਿੱਤਰ ਸਿੰਘ ਵਾਸੀ ਗਲੀ ਪੱਪੂ ਭਗਤ ਵਾਲੀ ਗੁਰੂ ਕਾ ਤਰਨਤਾਰਨ ਅਤੇ ਜੁਗਰਾਜ ਸਿੰਘ (17) ਪੁੱਤਰ ਰਜਿੰਦਰ ਸਿੰਘ ਵਾਸੀ ਗਲੀ ਪੱਪੂ ਭਗਤ ਵਾਲੀ ਗੁਰੂ ਦਾ ਖੂਹ ਤਰਨਤਾਰਨ ਇਨੋਵਾ ਕਾਰ 'ਤੇ ਸਵਾਰ ਹੋ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਕਿਸੇ ਨਿੱਜੀ ਕੰਮ ਲਈ ਜਾ ਰਹੇ ਸਨ।
ਜਦੋਂ ਦੇਰ ਰਾਤ ਉਨ੍ਹਾਂ ਦੀ ਕਾਰ ਗੋਹਲਵੜ੍ਹ ਨਜ਼ਦੀਕ ਪੈਟਰੋਲ ਪੰਪ ਵਿਖੇ ਪੁੱਜੀ ਤਾਂ ਸਾਹਮਣੇ ਤੋਂ ਵੱਡਾ ਟਰੱਕ ਟਰਾਲਾ ਤਰਨਤਾਰਨ ਨੂੰ ਆ ਰਿਹਾ ਸੀ, ਜਿਸ ਨਾਲ ਇਨ੍ਹਾਂ ਦੀ ਇਨੋਵਾ ਕਾਰ ਟਕਰਾ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ, ਜਿੱਥੇ ਇਨੋਵਾ ਕਾਰ ਜੋ ਟਰੱਕ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਚੁੱਕੀ ਸੀ, ਵਿਚ ਫਸੇ ਹੋਏ ਦੋਵਾਂ ਨੌਜਵਾਨਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਜਦੋਂ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ, ਜੋ ਕੁਆਰੇ ਸਨ। ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਟਰੱਕ ਚਾਲਕ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।