ਨਿਊਜ਼ ਡੈਸਕ : ਪੰਜਾਬ ਚੋਣ ਨਤੀਜੇ 2022 : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ 20 ਫਰਵਰੀ ਨੂੰ ਹੋਈਆਂ ਚੋਣਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਲਗਭਗ ਸਾਰੀਆਂ ਸੀਟਾਂ ’ਤੇ ਸਥਿਤੀ ਸਾਫ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਵਿਚ ਦੇ ਵੋਟਰਾਂ ਨੇ ਇਸ ਵਾਰ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਹੁਣ ਤਕ ਦੇ ਰੁਝਾਨਾਂ ਵਿਚ ਦੂਜੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਲਗਪਗ ਕਲੀਨ ਸਵੀਪ ਕਰਦੀ ਨਜ਼ਰ ਆ ਰਹੀ ਹੈ।
ਦੂਜੇ ਨੰਬਰ ’ਤੇ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਹ ਸਿਰਫ ਰੁਝਾਨ ਹਨ ਅਤੇ ਨਤੀਜਿਆਂ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਆਲਮ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਹਨੇਰੀ ਅੱਗੇ ਵੱਡੇ ਵੱਡੇ ਦਿੱਗਜ ਵੀ ਢਹਿ ਢੇਰੀ ਹੁੰਦੇ ਨਜ਼ਰ ਆ ਰਹੇ ਹਨ।
ਕੁਝ ਘੰਟਿਆਂ ਬਾਅਦ ਤੈਅ ਹੋ ਜਾਵੇਗਾ ਕਿ ਪੰਜਾਬ ਦਾ ਨਵਾਂ "ਸਰਦਾਰ" ਕੌਣ ਹੋਵੇਗਾ। EVMs ਮਸ਼ੀਨਾਂ ਖੁੱਲ੍ਹਣ ਨਾਲ ਠੀਕ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਨਤੀਜੇ ਆਉਣ 'ਚ ਕੁਝ ਹੀ ਪਲ ਬਾਕੀ ਹਨ। ਨਤੀਜਿਆਂ ਤੋਂ ਪਹਿਲਾਂ ਸਿਆਸੀ ਲੀਡਰਾਂ ਦੀਆਂ ਧੜਕਣਾਂ ਤੇਜ਼ ਹੋਈਆਂ ਹਨ। 117 ਹਲਕਿਆਂ ਦੇ ਲਈ 66 ਥਾਵਾਂ 'ਤੇ ਕਾਊਂਟਿੰਗ ਸੈਂਟਰ ਬਣਾਏ ਗਏ ਹਨ।
ਪੰਜਾਬ 'ਚ 20 ਫਰਵਰੀ ਨੂੰ ਪਈਆਂ ਵੋਟਾਂ 'ਚ 71.95 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਹ ਪੰਜਾਬ ਦੀਆਂ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ। ਹੁਣ ਰੁਖ਼ ਕਰਦੇ ਹਾਂ ਪੰਜਾਬ ਦੀਆਂ ਬਦਲਦੀਆਂ ਸੀਟਾਂ ਵੱਲ। ਇਹ ਉਹ ਸੀਟਾਂ ਹੁੰਦੀਆਂ ਨੇ, ਜੋ ਸਾਲ ਦਰ ਸਾਲ ਆਪਣਾ ਫ਼ਰਮਾਨ ਬਦਲਦੀਆਂ ਰਹਿੰਦੀਆਂ ਹਨ। ਇਕ ਸੋਧ ਮੁਤਾਬਿਕ ਪੰਜਾਬ 'ਚ ਕੁੱਲ 74 ਸੀਟਾਂ ਰੁਖ਼ ਬਦਲਦੀਆਂ ਹਨ। ਯਾਨੀ ਪੰਜਾਬ ਦੀਆਂ ਸੀਟਾਂ 117 ਚੋਂ 63 ਫ਼ੀਸਦ ਸੀਟਾਂ ਹਰ ਚੋਣ 'ਚ ਆਪਣਾ ਰੁਖ਼ ਬਦਲਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਸਵਿੰਗ ਕਰਦੀਆਂ ਇਨ੍ਹਾਂ 74 ਚੋਂ 47 ਸੀਟਾਂ ਸਿਰਫ਼ ਇਕੱਲੇ ਮਾਲਵੇ ਖੇਤਰ ਦੀਆਂ ਹਨ। ਇਨ੍ਹਾਂ ਸੀਟਾਂ 'ਚ ਜਾਤ ਫੈਕਟਰ ਵੀ ਕੰਮ ਕਰਦਾ ਹੈ। ਜੇਕਰ ਇਨ੍ਹਾਂ 74 ਸਵਿੰਗ ਸੀਟਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ 25 ਸੀਟਾਂ ਸਿੱਖ ਬਹੁਗਿਣਤੀ ਵਾਲੀਆਂ ਹਨ ਜਦਕਿ 37 ਸੀਟਾਂ 'ਚ 30 ਫ਼ੀਸਦ ਤੋਂ ਵੱਧ ਦਲਿਤ ਹਨ।
ਉਧਰ ਨਤੀਜਿਆਂ ਤੋਂ ਪਹਿਲਾਂ ਚੰਡੀਗੜ੍ਹ 'ਚ ਕਾਂਗਰਸ ਦਾ ਮਹਾਮੰਥਨ ਹੋਇਆ ਹੈ। ਦਿੱਲੀ ਤੋਂ ਆਏ ਅਬਜ਼ਰਵਰਾਂ ਨੇ ਬੈਠਕ ਕੀਤੀ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਖ-ਵੱਖ ਆਬਜ਼ਰਵਰਾਂ ਨਾਲ ਮੀਟਿੰਗ ਕੀਤੀ ਹੈ। ਕਾਂਗਰਸ ਨੇ ਵੀ ਅੱਜ ਹੀ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਨਤੀਜਿਆਂ ਤੋਂ ਬਾਅਦ ਸ਼ਾਮ 5 ਵਜੇ ਚੰਡੀਗੜ੍ਹ ਕਾਂਗਰਸ ਭਵਨ 'ਚ ਮੀਟਿੰਗ ਹੋਵੇਗੀ। ਨਵਜੋਤ ਸਿੱਧੂ ਨੇ ਨਵੇਂ ਚੁਣੇ ਜਾਣ ਵਾਲੇ ਵਿਧਾਇਕਾਂ ਨੂੰ ਮੀਟਿੰਗ 'ਚ ਬੁਲਾਇਆ ਹੈ।
ਨਤੀਜਿਆਂ ਤੋਂ ਪਹਿਲਾਂ ਭਗਵੰਤ ਮਾਨ ਦੇ ਸੰਗਰੂਰ ਵਾਲੇ ਘਰ 'ਚ ਵਿਆਹ ਵਰਗਾ ਮਹੌਲ ਹੈ। ਜਿੱਤ ਦੀ ਖੁਸ਼ੀ ਮਨਾਉਣ ਲਈ ਡੀਜੇ ਲੱਗਿਆ ਹੈ ਅਤੇ ਮਿਠਾਈਆਂ ਪਹੁੰਚੀਆਂ ਹਨ। ਮਾਨ ਦੇ ਘਰ ਬਾਹਰ ਸੁਰੱਖਿਆ ਵਧਾਈ ਗਈ ਹੈ।