Punjab: ਘਰੋਂ ਸੱਦ ਕੇ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਪੁਲਿਸ ਜਾਂਚ ‘ਚ ਜੁਟੀ

by nripost

ਫਿਲੌਰ (ਰਾਘਵ): ਫਿਲੌਰ-ਨੇੜਲੇ ਪਿੰਡ ਅਕਲਪੁਰ ਵਿਖੇ ਬੀਤੀ ਰਾਤ ਕੁਝ ਵਿਅਕਤੀਆਂ ਨੇ ਪਿੰਡ ਦੇ ਨੌਜਵਾਨ ਜਗਤਾਰ ਸਿੰਘ ਪੁੱਤਰ ਜਸਵੀਰ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਜਗਤਾਰ ਸਿੰਘ ਨੂੰ ਕੁਝ ਵਿਅਕਤੀਆ ਨੇ ਫੋਨ ਕਰ ਕੇ ਘਰੋਂ ਸੱਦਿਆ। ਜਦੋਂ ਉਹ ਉਕਤ ਥਾਂ ਤੇ ਪੁੱਜਾ ਤੇ ਮੌਕੇ ’ਤੇ ਮੌਜੂਦ 5-6 ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਹਾਲਤ ਵਿਚ ਜ਼ਖ਼ਮੀ ਕਰ ਦਿੱਤਾ। ਰੌਲਾ ਪੈਣ ’ਤੇ ਘਰ ਵਾਲੇ ਤੇ ਪਿੰਡ ਵਾਸੀ ਮੌਕੇ ’ਤੇ ਪੁੱਜੇ। ਉਦੋਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਜਗਤਾਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਮੁਢਲੀ ਸਹਾਇਤਾ ਉਪਰੰਤ ਲੁਧਿਆਣਾ ਹਸਪਤਾਲ ਭੇਜ ਦਿੱਤਾ ਗਿਆ। ਉਥੇ ਜਗਤਾਰ ਸਿੰਘ ਜ਼ਖ਼ਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ। ਮੌਕੇ 'ਤੇ ਪੁੱਜੇ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਤੇ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਭਾਰੀ ਪੁਲਿਸ ਪਾਰਟੀ ਨਾਲ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਡੀਐੱਸਪੀ ਨੇ ਦੱਸਿਆ ਕਿ ਕਾਤਲਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਫੜਨ ਲਈ ਭੇਜ ਦਿੱਤੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ‌। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਲਿਆਂਦੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਗਤਾਰ ਸਿੰਘ ਘਰ ਨੂੰ ਚਲਾਉਣ ਵਾਲਾ ਇਕੱਲਾ ਜੀਅ ਸੀ, ਉਹ ਅਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਬੱਚੇ ਛੱਡ ਗਿਆ।