ਅੰਮ੍ਰਿਤਸਰ (ਰਾਘਵ): ਪੰਜਾਬ ’ਚ ਲਗਾਤਾਰ ਹਵਾ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ। ਜਿਸ ਕਾਰਨ ਆਮ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਦੀਵਾਲੀ ਮੌਕੇ ਕੀਤੀ ਗਈ ਆਤਿਸ਼ਬਾਜ਼ੀ ਕਾਰਨ ਗੁਰੂ ਨਗਰੀ ਅੰਮ੍ਰਿਤਸਰ ’ਚ ਹਵਾ ਪ੍ਰਦੂਸ਼ਣ ’ਚ ਵੱਡਾ ਵਾਧਾ ਹੋਇਆ ਹੈ। ਇਨ੍ਹਾਂ ਹੀ ਨਹੀਂ ਅੰਮ੍ਰਿਤਸਰ ਦਾ ਨਾਂਅ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ’ਚ ਸ਼ਾਮਲ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਵਾ ਪ੍ਰਦੂਸ਼ਣ ਜਿਆਦਾ ਹੋਣ ਕਾਰਨ ਜ਼ਿਲ੍ਹੇ ਅੰਦਰ ਸਾਹ ਦੀ ਬੀਮਾਰੀਆਂ ਦਾ ਬੇਸ਼ੁਮਾਰ ਵਾਧਾ ਹੋਇਆ ਹੈ। ਲੋਕਾਂ ਨੂੰ ਸਾਹ ਦੀ ਤਕਲੀਫ ਅੱਖਾਂ ’ਚ ਜਲਨ, ਛਾਤੀ ਦੇ ਰੋਗ, ਰੇਸ਼ੇ ਆਦਿ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹੀ ਨਹੀਂ ਜ਼ਿਲ੍ਹੇ ਅੰਦਰ ਟੀਬੀ ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਦੁਗਣੇ ਤੋਂ ਵੀ ਜਿਆਦਾ ਹੋ ਗਈ ਹੈ।
ਇਸ ਤੋਂ ਇਲਾਵਾ ਪੋਟਾਸ਼ ਦੇ ਪਟਾਖਿਆਂ ਦੀ ਵਰਤੋਂ ਦੇ ਨਾਲ ਸਾਹ ਦੀਆਂ ਬੀਮਾਰੀਆਂ ’ਚ ਵਾਧਾ ਹੋਇਆ ਹੈ। ਜਿਸਦੇ ਚੱਲਦੇ ਡਾਕਟਰਾਂ ਨੇ ਖਾਣ ਪੀਣ ਵਾਲੀਆਂ ਠੰਢੀਆਂ ਚੀਜ਼ਾਂ ਅਤੇ ਬਰਫ ਦੀ ਵਰਤੋਂ ਕਰਨ ਤੋਂ ਪਰਹੇਜ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਮਾਸਕ ਪਾ ਕੇ ਰੱਖਣ, ਦੋ ਪਹੀਆਂ ਵਾਹਨ ਚਲਾਉਣ ਮੌਕੇ ਐਨਕ ਲਗਾਉਣ ਅਤੇ ਗਰਮ ਪਾਣੀ ਪੀ ਕੇ ਸਾਹ ਦੀ ਤਕਲੀਫ ਤੋਂ ਬਚਣ ਦੀ ਨਸੀਹਤ ਦਿੱਤੀ ਗਈ ਹੈ।