ਫ਼ਾਜ਼ਿਲਕਾ (ਹਰਮੀਤ):ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਿਸ ਨੇ ਪਾਕਿਸਤਾਨ ਵਿੱਚੋ ਸਤਲੁਜ ਦਰਿਆ ਰਾਹੀਂ 36 ਕਿਲੋ ਹੈਰੋਇਨ ਮੰਗਵਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਦਾ ਡਾਕਟਰੀ ਜਾਂਚ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ 'ਚ ਇਹ ਚੌਥੀ ਗ੍ਰਿਫਤਾਰੀ ਹੈ।
ਜਾਣਕਾਰੀ ਦਿੰਦੇ ਹੋਏ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਟੇਟ ਆਪ੍ਰੇਸ਼ਨ ਸਪੈਸ਼ਲ ਸੈੱਲ ਵੱਲੋਂ 5 ਅਗਸਤ 2023 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਫ਼ਿਰੋਜ਼ਪੁਰ ਇਲਾਕੇ ਵਿੱਚ ਹੜ੍ਹਾਂ ਦੇ ਦਿਨਾਂ ਦੌਰਾਨ ਸਤਲੁਜ ਦਰਿਆ ਰਾਹੀਂ ਪਾਕਿਸਤਾਨ ਤੋਂ 36 ਕਿਲੋ ਹੈਰੋਇਨ ਮੰਗਵਾਈ ਗਈ ਸੀ। ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹ ਮਾਮਲਾ ਦਰਜ ਕਰ ਲਿਆ ਸੀ।
ਇਸ ਮਾਮਲੇ ਵਿੱਚ ਪਹਿਲੇ ਤਿੰਨ ਮੁਲਜ਼ਮਾਂ ਗੱਗਾ ਗਿੱਲ, ਵੀਰ ਸਿੰਘ ਵੀਰੂ, ਕੁਲਵੰਤ ਸਿੰਘ ਕਾਂਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਵਿੱਚ ਪੁਲਿਸ ਨੇ ਹੁਣ ਚੌਥੇ ਦੋਸ਼ੀ ਨੂੰ ਫਿਰੋਜ਼ਪੁਰ ਇਲਾਕੇ ਤੋਂ ਕਾਬੂ ਕੀਤਾ ਹੈ। ਉਸ ਦੀ ਪਛਾਣ ਸਿਕੰਦਰ ਸਿੰਘ ਵਾਸੀ ਪਿੰਡ ਦੀਪ ਸਿੰਘ ਵਾਲਾ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਸ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦ ਕਿ ਬਾਕੀ ਦੋ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।