
ਸਮਰਾਲਾ (ਰਾਘਵ): ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ ਨੂੰ ਸ਼ੁੱਕਰਵਾਰ ਫਰੀ ਕਰ ਦਿੱਤਾ ਗਿਆ। ਦਰਅਸਲ ਸਮਰਾਲਾ ਇਲਾਕਾ ਵਾਸੀਆਂ ਨੂੰ ਟੋਲ ਪਲਾਜ਼ਾ ਲੰਘਣ ਲਈ ਪਾਸ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸ ਸਬੰਧੀ ਸਮਰਾਲਾ ਵਾਸੀਆਂ ਵੱਲੋਂ ਸ਼ਿਕਾਇਤਾਂ ਸੋਸ਼ਲ ਮੀਡੀਆ ’ਤੇ ਪਾਈਆਂ ਜਾ ਰਹੀਆਂ ਸਨ ਅਤੇ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੁੱਕਰਵਾਰ ਦੁਪਹਿਰ ਘੁਲਾਲ ਟੋਲ ਪਲਾਜ਼ਾ ਪਹੁੰਚ ਕੇ ਪਲਾਜ਼ਾ ਦੀ ਟੀਮ ਨਾਲ ਗੱਲ ਕਰਕੇ ਟੋਲ ਪਲਾਜ਼ਾ ਨੂੰ ਸਮਰਾਲਾ ਨਿਵਾਸੀਆਂ ਲਈ ਦੋਬਾਰਾ ਤੋਂ ਮੁਫ਼ਤ ਕਰਵਾਇਆ।
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਕ ਵਿਅਕਤੀ ਲਾਈਵ ਹੋ ਕੇ ਟੋਲ ਪਲਾਜ਼ਾ ਦੀ ਸਮੱਸਿਆ ਬਾਰੇ ਦੱਸ ਰਿਹਾ ਸੀ ਤਾਂ ਉਨ੍ਹਾਂ ਨੇ ਤੁਰੰਤ ਵਿਅਕਤੀ ਦਾ ਨੰਬਰ ਲੈ ਕੇ ਉਸ ਨੂੰ ਉਥੇ ਹੀ ਰੁਕਣ ਲਈ ਕਿਹਾ ਤੇ ਵਿਧਾਇਕ ਖੁਦ ਤੁਰੰਤ ਟੋਲ ਪਲਾਜ਼ਾ ਪਹੁੰਚ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ 1 ਅਪ੍ਰੈਲ ਤੋਂ ਘੁਲਾਲ ਟੋਲ ਪਲਾਜ਼ਾ ’ਤੇ ਟੋਲ ਪਲਾਜ਼ਾ ਤੋਂ ਸਮਰਾਲਾ ਨਿਵਾਸੀਆਂ ਨੂੰ ਲੰਘਣ ਲਈ ਪੈਸੇ ਦੇਣੇ ਪੈ ਰਹੇ ਹਨ ਅਤੇ ਪਲਾਜ਼ਾ ਦੀ ਟੀਮ ਵੱਲੋਂ ਸਮਰਾਲਾ ਇਲਾਕਾ ਵਾਸੀਆਂ ਨੂੰ ਪਾਸ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਪਲਾਜ਼ਾ ਮੁੜ ਮੁਫ਼ਤ ਕਰਵਾਇਆ। ਸਮਰਾਲਾ ਇਲਾਕਾ ਨਿਵਾਸੀਆਂ ਨੂੰ ਘੁਲਾਲ ਟੋਲ ਪਲਾਜਾ ਦੁਬਾਰਾ ਮੁਫ਼ਤ ਹੋਣ ਦਾ ਪਤਾ ਲੱਗਣ ’ਤੇ ਸੋਸ਼ਲ ਮੀਡੀਆ ਤੇ ਵਿਧਾਇਕ ਦਾ ਧੰਨਵਾਦ ਕਰਨ ਵਾਲਿਆਂ ਦੀ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਗਈਆਂ। ਇਸ ਮੌਕੇ ਨਵਜੀਤ ਸਿੰਘ ਓਟਾਲ, ਮਾਰਕੀਟ ਕਮੇਟੀ ਚੇਅਰਮੈਨ ਮਾਛੀਵਾੜਾ ਸੁਖਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਓਟਾਲਾ, ਰਣਧੀਰ ਸਿੰਘ, ਜੱਸਾ ਸਿੰਘ ਮਾਂਗਟ, ਗੁਰਪ੍ਰੀਤ ਸਿੰਘ ਗੋਪਨ ਆਦਿ ਮੌਜੂਦ ਸਨ।