
ਫਾਜ਼ਿਲਕਾ (ਰਾਘਵ) : ਫਾਜ਼ਿਲਕਾ ਪੁਲਸ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਜਲਾਲਾਬਾਦ ਨੇ ਇਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀ.ਐਸ.ਪੀ ਜਤਿੰਦਰ ਸਿੰਘ ਸਬ ਡਵੀਜ਼ਨ ਜਲਾਲਾਬਾਦ ਅਤੇ ਬਲਕਾਰ ਸਿੰਘ ਡੀ.ਐਸ.ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਰੁਪਿੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ. ਫਾਜ਼ਿਲਕਾ-2 ਦੀ ਟੀਮ ਨੇ ਥਾਣਾ ਸਦਰ ਜਲਾਲਾਬਾਦ ਦੇ ਇਲਾਕੇ 'ਚ ਗਸ਼ਤ ਕਰ ਰਹੇ ਸੀ। ਗਸ਼ਤ ਦੌਰਾਨ ਪੁਲਸ ਪਾਰਟੀ ਨੇ ਪਿੰਡ ਸੁਖੇਰਾ ਬੋਦਲਾ ਅਤੇ ਫੱਤੂ ਵਾਲਾ ਦੀ ਲਿੰਕ ਰੋਡ 'ਤੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਲਿਫਾਫੇ 'ਚੋਂ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੁੰਡੀ ਪੁੱਤਰ ਜੋਗਿੰਦਰ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਵਜੋਂ ਹੋਈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮਾਂ ਦਾ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐਸ.ਐਸ.ਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਅਪੀਲ ਕੀਤੀ ਹੈ ਕਿ ਫਾਜ਼ਿਲਕਾ ਪੁਲਿਸ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ ਜ਼ੀਰੋ ਟਾਲਰੈਂਸ 'ਤੇ ਕੰਮ ਕਰ ਰਹੀ ਹੈ। ਇਸ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ ਹੈ। ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।