ਪਟਿਆਲਾ (ਹਰਮੀਤ) : ਅਮਨ-ਕਾਨੂੰਨ ਨੂੰ ਕਾਇਮ ਰੱਖਣ ਵਾਲੀਆਂ ਪੁਲਿਸ ਟੀਮਾਂ ਆਪਣੀ ਸੁਰੱਖਿਆ ਕਰਨ ਦੇ ਸਮਰੱਥ ਨਹੀਂ ਹਨ ਤੇ ਮੁਲਜ਼ਮਾਂ ਨੂੰ ਫੜਨ ਲਈ ਆਉਣ ਵਾਲੀਆਂ ਪੁਲਿਸ ਟੀਮਾਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਪਿਛਲੇ ਤਿੰਨ ਦਿਨਾਂ ਦੇ ਅੰਦਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਤਿੰਨ ਘਟਨਾਵਾਂ ਵਾਪਰੀਆਂ ਹਨ, ਜਿੱਥੇ ਪੁਲਿਸ ਟੀਮਾਂ ਅਪਰਾਧੀਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਗਈਆਂ ਹਨ। ਇਸ ਤੋਂ ਬਾਅਦ ਪੁਲਿਸ ਨੇ ਨਵਾਂ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਦੋ ਕੇਸਾਂ ਵਿਚ ਮੁਲਜ਼ਮ ਪੁਲਿਸ ਤੋਂ ਫ਼ਰਾਰ ਹੋ ਗਏ ਸਨ।
ਜਾਣਕਾਰੀ ਅਨੁਸਾਰ ਥਾਣਾ ਬਖ਼ਸ਼ੀਵਾਲਾ ਦੀ ਪੁਲਿਸ ਨੇ 13 ਅਗਸਤ ਨੂੰ ਇਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਗੁਰਪ੍ਰੀਤ ਸਿੰਘ, ਰਣਪ੍ਰੀਤ ਸਿੰਘ, ਪਰਵਿੰਦਰ ਕੌਰ ਵਾਸੀ ਜਾਤੀਵਾਲ, ਜਗਜੀਤ ਸਿੰਘ ਵਾਸੀ ਪਿੰਡ ਜਾਤੀਵਾਲ ਖ਼ਿਲਾਫ਼ ਦਾਜ ਲਈ ਕੁੱਟਮਾਰ ਕਰਨ ਅਤੇ ਔਰਤ ਦੇ ਭਾਣਜੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਰਣਪ੍ਰੀਤ ਸਿੰਘ ’ਤੇ ਗੈਰ-ਕੁਦਰਤੀ ਸਬੰਧਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਫ਼ਰਾਰ ਸੀ, ਜਿਸ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਕਿ ਅਮਰੀਕ ਸਿੰਘ ਉਰਫ਼ ਕਾਲਾ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਪਿੰਡ ਚਾਸਵਾਲ ਵਿਚ ਪਨਾਹ ਦਿੱਤੀ ਹੋਈ ਹੈ। 31 ਅਗਸਤ ਨੂੰ ਐੱਸਆਈ ਜਾਨਪਾਲ ਸਿੰਘ ਤੇ ਪੁਲਿਸ ਟੀਮ ਨਰਿੰਦਰ ਸਿੰਘ ਅਤੇ ਕਾਲਾ ਸਿੰਘ ਦੇ ਘਰ ਪਹੁੰਚੀ, ਜਿੱਥੇ ਮੁਲਜ਼ਮਾਂ ਨੇ ਪੁਲਿਸ ਟੀਮ ਨਾਲ ਹੱਥੋਪਾਈ ਕੀਤੀ ਤੇ ਗਾਲੀ-ਗਲੋਚ ਕੀਤਾ। ਇਸ ਤੋਂ ਪਹਿਲਾਂ ਕਿ ਪੁਲਿਸ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਫੜਦੀ, ਉਹ ਆਪਣੇ ਸਾਥੀ ਨਰਿੰਦਰ ਸਿੰਘ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਕਾਲਾ ਸਿੰਘ ਅਤੇ ਕਾਲਾ ਸਿੰਘ ਦੀ ਮਾਤਾ ਰਜਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਕੇ ਰਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਜਿੰਦਰ ਕੌਰ ਨੇ ਪੁਲਿਸ ਦੀ ਵਰਦੀ ’ਤੇ ਹੱਥ ਪਾ ਕੇ ਉਨ੍ਹਾਂ ਨੂੰ ਫੜ ਲਿਆ ਅਤੇ ਪੁਲਿਸ ਟੀਮ ਦੇ ਸਾਹਮਣੇ ਹੀ ਮੁਲਜ਼ਮ ਭੱਜ ਗਿਆ।