ਨਾਜਾਇਜ਼ ਕਬਜ਼ਿਆਂ ‘ਤੇ punjab ਪੁਲਿਸ ਦੀ ਸਖ਼ਤ ਕਾਰਵਾਈ

by nripost

ਨਕੋਦਰ (ਰਾਘਵ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ ਪੁਲਸ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕਸਣ ਲਈ ਸਖ਼ਤ ਕਾਰਵਾਈ ਕਰ ਰਹੀ ਹੈ। ਇਸੇ ਸਿਲਸਿਲੇ 'ਚ ਨਕੋਦਰ ਅਧੀਨ ਆਉਂਦੇ ਪਿੰਡ ਪਾਸਲਾ 'ਚ ਇਕ ਲੇਡੀ ਸਮੱਗਲਰ, ਜਿਸ ਦੀ ਪਛਾਣ ਜਸਵਿੰਦਰ ਕੌਰ ਉਰਫ਼ ਜੱਸੀ ਵਜੋਂ ਹੋਈ ਹੈ, ਦੀ ਇਕ ਇਮਾਰਤ 'ਤੇ ਪੁਲਸ ਨੇ ਬੁਲਡੋਜ਼ਰ ਚਲਾ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੁੜਕਾਂ ਕਲਾਂ ਦੇ ਬੀ.ਡੀ.ਪੀ.ਓ. ਨੇ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ ਕਿ ਉਕਤ ਔਰਤ ਆਪਣੇ ਪਤੀ ਨਾਲ ਮਿਲ ਕੇ ਨਸ਼ਾ ਸਮੱਗਲਿੰਗ ਕਰਦੀ ਹੈ ਤੇ ਉਸ ਨੇ ਕਰੀਬ ਸਾਢੇ 3 ਮਰਲੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਕੇ ਉੱਥੇ ਇਕ ਬਿਲਡਿੰਗ ਬਣਾਈ ਹੋਈ ਹੈ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਨਾਜਾਇਜ਼ ਬਿਲਡਿੰਗ 'ਤੇ ਬੁਲਡੋਜ਼ਰ ਚਲਵਾ ਦਿੱਤਾ ਹੈ।

ਪੁਲਸ ਨੇ ਅੱਗੇ ਦੱਸਿਆ ਕਿ ਮੁਲਜ਼ਮ ਔਰਤ ਤੇ ਉਸ ਦੇ ਪਤੀ ਦੇ ਖ਼ਿਲਾਫ਼ ਪਹਿਲਾਂ ਵੀ 6 ਮਾਮਲੇ ਦਰਜ ਹਨ, ਜਿਨ੍ਹਾਂ 'ਚ ਐੱਨ.ਡੀ.ਪੀ.ਐੱਸ. ਤੇ ਕਤਲ ਦੇ ਮਾਮਲੇ ਵੀ ਸ਼ਾਮਲ ਹਨ। ਫਿਲਹਾਲ ਔਰਤ ਘਰੋਂ ਫਰਾਰ ਦੱਸੀ ਜਾ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਸੀ, ਜਿਸ 'ਤੇ ਉਸ ਨੇ ਬਾਅਦ 'ਚ ਨਿਰਮਾਣ ਕਰਵਾ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਰੇ ਨਵੀਂ ਚੁਣੀ ਗਈ ਪੰਚਾਇਤ ਨੇ ਬੀ.ਡੀ.ਪੀ.ਓ. ਨੂੰ ਵੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਅੱਜ ਪੁਲਸ ਨੇ ਕਾਰਵਾਈ ਕਰਦੇ ਹੋਏ ਉਸ ਇਮਾਰਤ ਨੂੰ ਬੁਲਡੋਜ਼ਰ ਚਲਾ ਕੇ ਢਹਿ-ਢੇਰੀ ਕਰ ਦਿੱਤਾ ਹੈ।