ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਅਕੈਡਮੀ 'ਚ ਡਰੱਗਜ਼ ਨੂੰ ਲੈ ਕੇ ਲਗਾਤਾਰ ਨਵੇਂ ਖ਼ੁਲਾਸੇ ਹੋ ਰਹੇ ਹਨ। ਨਸ਼ੇ ਦੀ ਓਵਰਡੋਜ਼ ਨਾਲ ਤਬੀਅਤ ਖ਼ਰਾਬ ਹੋਣ ’ਤੇ ਦਯਾਨੰਦ ਹਸਪਤਾਲ 'ਚ ਦਾਖ਼ਲ ਹੌਲਦਾਰ ਹਰਮਨ ਬਾਜਵਾ ਨੇ ਦਮ ਤੋੜ ਦਿੱਤਾ ਹੈ। ਉਸ ਦੀ 10 ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਹਾਲਤ ਇੰਨੀ ਖ਼ਰਾਬ ਸੀ । ਅਕੈਡਮੀ ਦੇ ਅਧਿਕਾਰੀ ਹੁਣ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਦਿਨਾਂ ’ਚ ਹੋਰ ਵੀ ਮੁਲਾਜ਼ਮ ਮੌਤ ਦਾ ਸ਼ਿਕਾਰ ਬਣ ਸਕਦੇ ਹਨ।
ਸੀਨੀਅਰ ਅਫ਼ਸਰ ਨੇ ਆਪਣੀ ਜਾਂਚ ਰਿਪੋਰਟ 'ਚ ਦੱਸਿਆ ਕਿ ਅਕੈਡਮੀ ਦੇ 8 ਤੋਂ 10 ਮੁਲਾਜ਼ਮ ਚਿੱਟੇ ਦੀ ਲਪੇਟ ’ਚ ਆ ਚੁੱਕੇ ਹਨ, ਜੋ ਪੁਲਿਸ ਅਕੈਡਮੀ 'ਚ ਨਾ ਸਿਰਫ਼ ਨਸ਼ੇ ਦੀ ਵਰਤੋਂ ਕਰ ਰਹੇ ਹਨ, ਸਗੋਂ ਇਸ ਦੀ ਸਮੱਗਲਿੰਗ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਵੀ ਭੇਜ ਰਹੇ ਹਨ। ਪੁਲਿਸ ਨੇ ਅਕੈਡਮੀ ’ਚ ਤਾਇਨਾਤ ਮੁਲਾਜ਼ਮਾਂ ਸ਼ਕਤੀ ਅਤੇ ਜੈ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ, ਜਦਕਿ 6 ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਨਾਂ ਅਤੇ ਬੈਲਟ ਨੰਬਰ ਲਿਖ ਕੇ ਅਕੈਡਮੀ ਦੇ ਡਾਇਰੈਕਟਰ ਅਤੇ ਐੱਸ. ਐੱਸ. ਪੀ. ਜਲੰਧਰ ਨੂੰ ਮੁਕੱਦਮਾ ਦਰਜ ਕਰਨ ਲਈ ਭੇਜਿਆ ਗਿਆ ਸੀ, ਉਹ ਅੱਜ ਵੀ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਪਹਿਲਾਂ ਵਾਂਗ ਨਸ਼ਾ ਵੀ ਕਰ ਰਹੇ ਹਨ।