ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਲਈ ਸਭ ਤੋਂ ਜਰੂਰੀ ਭਾਈਚਾਰਾ, ਸ਼ਾਂਤੀ ਅਤੇ ਏਕਤਾ ਹੈ ਅਤੇ ਇਹ ਕਾਂਗਰਸ ਪਾਰਟੀ ਹੀ ਸਥਾਪਤ ਕਰ ਸਕਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮਿਹਨਤ ਨੂੰ ਦੇਸ਼ ਦੇ ਕੁੱਝ ਆਪਣੇ ਮਿੱਤਰ ਅਰਬਪਤੀਆਂ 'ਤੇ ਲੁਟਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੀ ਕਿਸਾਨਾਂ ਵਿਰੋਧੀ ਬਿੱਲ ਲਾਗੂ ਕੀਤੇ ਸਨ, ਜਿਨ੍ਹਾਂ ਵਿੱਚ 700 ਕਿਸਾਨ ਸ਼ਹੀਦ ਹੋਏ। ਉਨ੍ਹਾਂ ਕਿਹਾ ਕਿ ਮੈਂ ਖੁਦ ਸ਼ਹੀਦ ਹੋਏ ਕਿਸਾਨਾਂ ਲਈ 2 ਮਿੰਟ ਦਾ ਮੌਨ ਧਾਰਨ ਲਈ ਪਾਰਲੀਮੈਂਟ ਵਿੱਚ ਬੋਲਿਆ ਸੀ, ਪਰੰਤੂ ਸਮਾਂ ਹੀ ਨਹੀਂ ਦਿੱਤਾ ਗਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਕਿਸਾਨਾਂ ਨਾਲ ਗੱਲਬਾਤ ਨਾ ਹੋਣਾ ਉਨ੍ਹਾਂ ਦੀ ਗਲਤੀ ਸੀ, ਤਾਂ ਫਿਰ 700 ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪੀੜਤਾਂ ਨੂੰ ਸਿਰਫ਼ ਕਾਂਗਰਸ ਨੇ ਹੀ ਮੁਆਵਜ਼ਾ ਦਿੱਤਾ।