
ਜਲੰਧਰ (ਰਾਘਵ): ਜਲੰਧਰ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਫੜਨ ਲਈ ਕਈ ਠੋਸ ਯੋਜਨਾਵਾਂ ਤਿਆਰ ਕੀਤੀਆਂ ਹਨ। ਸ਼ਹਿਰ ਦੇ ਹਜ਼ਾਰਾਂ ਲੋਕ ਪ੍ਰਾਪਰਟੀ ਟੈਕਸ ਨਹੀਂ ਭਰਦੇ ਜਾਂ ਗਲਤ/ਘੱਟ ਟੈਕਸ ਜਮ੍ਹਾ ਕਰਵਾਉਂਦੇ ਹਨ, ਜਿਸ ਕਾਰਨ ਨਿਗਮ ਨੂੰ ਰੈਵੇਨਿਊ ਦਾ ਨੁਕਸਾਨ ਹੋ ਰਿਹਾ ਹੈ। ਹੁਣ ਨਿਗਮ ਨੇ ਅਜਿਹੇ ਡਿਫਾਲਟਰਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਨਵੇਂ ਕਦਮ ਚੁੱਕੇ ਹਨ। ਨਿਗਮ ਨੇ ਸ਼ਹਿਰ ਦੀਆਂ ਲਗਭਗ 3 ਲੱਖ ਪ੍ਰਾਪਰਟੀਆਂ ’ਤੇ ਲੱਗੀਆਂ ਯੂ. ਆਈ. ਡੀ. ਨੰਬਰ ਪਲੇਟਾਂ ਨੂੰ ਟੈਕਸ ਕੁਲੈਕਸ਼ਨ ਸਿਸਟਮ ਨਾਲ ਜੋੜ ਦਿੱਤਾ ਹੈ। ਸਾਰੀਆਂ ਪ੍ਰਾਪਰਟੀਆਂ ਦੀਆਂ ਗੂਗਲ ਸ਼ੀਟਸ ਤਿਆਰ ਕੀਤੀਆਂ ਗਈਆਂ ਹਨ, ਜਿਸ ਰਾਹੀਂ ਨਿਗਮ ਦੇ ਕਰਮਚਾਰੀ ਕਿਸੇ ਵੀ ਪ੍ਰਾਪਰਟੀ ਦਾ ਦੌਰਾ ਕਰਕੇ ਇਹ ਜਾਂਚ ਕਰ ਸਕਣਗੇ ਕਿ ਕਿੰਨਾ ਟੈਕਸ ਜਮ੍ਹਾ ਹੋਇਆ ਹੈ ਅਤੇ ਕਿੰਨਾ ਜਮ੍ਹਾ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਡੀ. ਸੀ. ਦਫ਼ਤਰ ਅਤੇ ਰੈਵੇਨਿਊ ਵਿਭਾਗ ਤੋਂ ਰੈਂਟ ਡੀਡਸ ਮੰਗਵਾਈਆਂ ਜਾ ਰਹੀਆਂ ਹਨ ਤਾਂ ਕਿ ਕਿਰਾਏ ਦੀ ਜਾਣਕਾਰੀ ਲੁਕਾ ਕੇ ਘੱਟ ਟੈਕਸ ਅਦਾ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ। ਅਜਿਹੇ ਡਿਫਾਲਟਰਾਂ ਤੋਂ ਟੈਕਸ ਦੇ ਨਾਲ-ਨਾਲ ਜੁਰਮਾਨੇ ਦੀ ਵਸੂਲੀ ਵੀ ਕੀਤੀ ਜਾਵੇਗੀ। ਨਿਗਮ ਰਿਹਾਇਸ਼ੀ ਪ੍ਰਾਪਰਟੀਆਂ ’ਤੇ ਵੀ ਸਖ਼ਤੀ ਕਾਰਵਾਈ ਕਰੇਗਾ ਅਤੇ ਟੈਕਸ ਨਾ ਦੇਣ ਵਾਲਿਆਂ ਵਿਰੁੱਧ ਕਾਰਵਾਈ ਤੇਜ਼ ਕਰੇਗਾ। ਪਹਿਲਾਂ ਜਾਰੀ ਕੀਤੇ ਗਏ ਨੋਟਿਸਾਂ ਨੂੰ ਵੀ ਹੁਣ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ, ਜਿਸ ਵਿਚ ਪ੍ਰਾਪਰਟੀ ਨੂੰ ਸੀਲ ਕਰਨ ਦੀ ਕਾਰਵਾਈ ਵੀ ਸ਼ਾਮਲ ਹੈ। ਨਿਗਮ ਕਮਿਸ਼ਨਰ ਗੌਤਮ ਜੈਨ, ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ, ਅਸਿਸਟੈਂਟ ਕਮਿਸ਼ਨਰ ਵਿਕਰਾਂਤ ਵਰਮਾ, ਸੁਪਰਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਅਤੇ ਭੁਪਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪੂਰਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾ ਕਰਵਾਉਣ, ਤਾਂ ਜੋ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਹੋਵੇ।