punjab: ਕੱਪੜੇ ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

by nripost

ਸੰਗਰੂਰ (ਨੇਹਾ): ਇੱਥੇ ਪਾਤੜਾਂ ਰੋਡ ਸਥਿਤ ਇੱਕ ਨਾਮੀ ਕੰਪਨੀ ਦੇ ਸ਼ੋਅ ਰੂਮ ਵਿੱਚ ਅਚਾਨਕ ਅੱਗ ਲੱਗਣ ਕਾਰਨ ਬੂਟ ਤੇ ਕੱਪੜੇ ਸੜ ਕੇ ਸੁਆਹ ਹੋ ਗਏ। ਫਾਇਰ ਬਿਗ੍ਰੇਡ ਦੇ ਅਮਲੇ ਵੱਲੋਂ ਕਾਫ਼ੀ ਮੁਸ਼ਕੱਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਿਆ ਪਰ ਬਿਜਲੀ ਦੀ ਸਪਾਰਕਿੰਗ ਹੋਣ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ ਇੱਕ ਵਜੇ ਸਥਾਨਕ ਪਾਤੜਾਂ ਰੋਡ ’ਤੇ ਸਥਿਤ ਨਾਮੀ ਕੰਪਨੀ ਰੈੱਡ ਟੇਪ ਦੇ ਸ਼ੋਅ ਰੂਮ ਨੂੰ ਅਚਾਨਕ ਅੱਗ ਲੱਗ ਗਈ। ਸ਼ੋਅ ਰੂਮ ਵਿਚ ਬਰੈਂਡਡ ਕੱਪੜੇ, ਬੂਟ ਅਤੇ ਹੋਰ ਸਾਮਾਨ ਮੌਜੂਦ ਸੀ। ਜਾਣਕਾਰੀ ਅਨੁਸਾਰ ਜਦੋਂ ਸ਼ੋਅ ਰੂਮ ਦੇ ਅੰਦਰੋਂ ਧੂੰਆਂ ਨਿਕਲਣ ਦਾ ਸਟਾਫ਼ ਨੂੰ ਪਤਾ ਲੱਗਿਆ ਤਾਂ ਉਹ ਅੰਦਰ ਬਿਜਲੀ ਦੀ ਮੇਨ ਸਵਿੱਚ ਬੰਦ ਕਰਨ ਲਈ ਪੁੱਜੇ ਤਾਂ ਅੰਦਰ ਧੂੰਆਂਧਾਰ ਹੋਇਆ ਪਿਆ ਸੀ ਅਤੇ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਸ਼ੋਅ ਰੂਮ ਦੇ ਸਟਾਫ਼ ਵਲੋਂ ਤੁਰੰਤ ਫਾਇਰ ਬ੍ਰਿਗੇਡ ਸੰਗਰੂਰ ਦਫ਼ਤਰ ਫੋਨ ਕੀਤਾ ਗਿਆ ਅਤੇ ਕੁੱਝ ਸਮੇਂ ਬਾਅਦ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ। ਸੂਚਨਾ ਮਿਲਦਿਆਂ ਹੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ।

ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਸ਼ੋਮ ਰੂਮ ਵਿਚ ਕੱਪੜਿਆਂ ਤੋਂ ਇਲਾਵਾ ਬੂਟ ਅਤੇ ਹੋਰ ਸਾਮਾਨ ਵਿਕਰੀ ਲਈ ਰੱਖਿਆ ਹੋਇਆ ਸੀ। ਅੱਗ ਲੱਗਣ ਕਾਰਨ ਸ਼ੋਅ ਰੂਮ ਵਿਚ ਕੰਪਨੀ ਦਾ ਕਿੰਨਾ ਨੁਕਸਾਨ ਹੋਇਆ ਹੈ, ਫਿਲਹਾਲ ਸ਼ੋਅ ਰੂਮ ਦੇ ਸਟਾਫ਼ ਵਲੋਂ ਕੁੱਝ ਨਹੀਂ ਦੱਸਿਆ ਗਿਆ ਜੋ ਕਿ ਹੋਏ ਨੁਕਸਾਨ ਦਾ ਅਨੁਮਾਨ ਲਗਾ ਰਹੇ ਹਨ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਪਰ ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਅੱਗ ਲੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਕੰਪਨੀ ਦਾ ਇਹ ਸ਼ੋਅ ਰੂਮ ਇਥੇ ਪਾਤੜਾਂ ਰੋਡ ’ਤੇ ਸੰਗਰੂਰ-ਦਿੱਲੀ ਸੜਕ ਉਪਰ ਹੈ ਅਤੇ ਫਾਇਰ ਬ੍ਰਿਗੇਡ ਦਫ਼ਤਰ ਵੀ ਨੇੜੇ ਹੀ ਉਪਲੀ ਰੋਡ ’ਤੇ ਸਥਿਤ ਹੈ ਜਿਸ ਕਾਰਨ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਪੁੱਜਣ ’ਤੇ ਜ਼ਿਆਦਾ ਸਮਾਂ ਨਹੀਂ ਲੱਗਿਆ ਜਿਸ ਕਾਰਨ ਅੱਗ ’ਤੇ ਕਾਬੂ ਪਾ ਲਿਆ ਗਿਆ।