
ਜਲੰਧਰ (ਰਾਘਵ): ਹਾਲ ਹੀ ਵਿੱਚ ਹੋਏ ਇਕ ਸੜਕੀ ਅਪਰਾਧ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਜਵਾਬ ਵਿੱਚ ਕਮਿਸ਼ਨਰੇਟ ਪੁਲਸ ਜਲੰਧਰ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਵਾਪਰੀ ਇਕ ਲੁੱਟਖੋਹ ਦੀ ਘਟਨਾ ਵਿੱਚ ਸ਼ਾਮਲ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਥਾਣਾ ਡਿਵੀਜ਼ਨ ਨੰਬਰ 1 ਦੀ ਇਕ ਟੀਮ ਨੇ ਕੀਤੀਆਂ ਹਨ, ਜਿਸ ਤੋਂ ਚੋਰੀ ਹੋਈ ਨਕਦੀ ਅਤੇ ਅਪਰਾਧ ਵਿੱਚ ਵਰਤੇ ਗਏ ਦੋ ਵਾਹਨ ਵੀ ਬਰਾਮਦ ਹੋਏ ਹਨ। ਹੋਰ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ 30 ਮਾਰਚ 2025 ਦੀ ਰਾਤ ਨੂੰ ਵਾਪਰੀ ਸੀ। ਜਲੰਧਰ ਦੀ ਕਾਲੀਆ ਕਾਲੋਨੀ ਦੇ ਵਸਨੀਕ ਸ਼ੰਕਰ ਭਗਤ ਦੀ ਸ਼ਿਕਾਇਤ ਦੇ ਆਧਾਰ 'ਤੇ ਐੱਫ਼. ਆਈ. ਆਰ. ਨੰਬਰ 44 ਅਧਿਨ ਧਾਰਾ 303(2) ਅਤੇ 3(5) ਭਾਰਤੀ ਨਿਆਏ ਸੰਹਿਤਾ (ਬੀ. ਐੱਨ. ਐੱਸ) ਦੀ ਦਰਜ ਕੀਤੀ ਗਈ ਸੀ। ਸ਼ਿਕਾਇਤ ਦੇ ਅਨੁਸਾਰ ਸ਼ੰਕਰ ਭਗਤ ਅਤੇ ਉਸ ਦਾ ਪੁੱਤਰ ਗੌਤਮ ਕੁਮਾਰ ਘਰ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਨੂੰ ਭਾਰਤ ਪੈਟਰੋਲ ਪੰਪ ਨੇੜੇ ਪੰਜ ਵਿਅਕਤੀਆਂ ਨੇ ਰੋਕਿਆ, ਤਿੰਨ ਚਿੱਟੇ ਐਕਟਿਵਾ ਸਕੂਟਰ 'ਤੇ ਅਤੇ ਦੋ ਮੋਟਰਸਾਈਕਲ 'ਤੇ ਸਵਾਰ ਸਨ।
ਸ਼ੱਕੀਆਂ ਨੇ ਕਥਿਤ ਤੌਰ 'ਤੇ ਪੀੜਤਾਂ ਨੂੰ ਧਮਕੀਆਂ ਦਿੱਤੀਆਂ ਕਿ ਸ਼ਿਕਾਇਤ ਕਰਤਾ ਤੋਂ 3,000 ਰੁਪਏ ਅਤੇ ਉਸ ਦੇ ਪੁੱਤਰ ਤੋਂ ਇਕ ਮੋਬਾਇਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਭੱਜ ਗਏ। ਮਾਮਲੇ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਸ ਨੇ 10 ਅਪ੍ਰੈਲ ਨੂੰ ਪੰਜ ਸ਼ੱਕੀਆਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਦੀ ਪਛਾਣ ਰਾਹੁਲ, ਪੁੱਤਰ ਪਰਵੇਸ਼ ਕੁਮਾਰ, ਨਿਵਾਸੀ ਗੁਲਾਬ ਦੇਵੀ ਰੋਡ, ਜਲੰਧਰ, ਚੇਤਨ ਪੁੱਤਰ ਵਿਕਾਸ ਕੁਮਾਰ, ਨਿਵਾਸੀ ਵਾਲਮੀਕੀ ਮੁਹੱਲਾ, ਗੜ੍ਹਾ, ਜਲੰਧਰ, ਇੰਦਰਜੀਤ ਸਿੰਘ ਪੁੱਤਰ ਤਰਸੇਮ ਸਿੰਘ, ਨਿਵਾਸੀ ਨਿਊ ਰਤਨ ਨਗਰ, ਜਲੰਧਰ, ਅਤੇ ਵੰਸ਼ ਭਾਰਦਵਾਜ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਨਿਊ ਰਤਨ ਨਗਰ, ਜਲੰਧਰ ਵਜੋਂ ਹੋਈ ਹੈ। ਪੰਜਵੇਂ ਦੋਸ਼ੀ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ, ਜੋ ਅਜੇ ਵੀ ਫਰਾਰ ਹੈ। ਪੁਲਸ ਨੇ 2,200 ਰੁਪਏ ਨਕਦੀ ਇਕ ਕਾਲਾ ਸਪਲੈਂਡਰ ਮੋਟਰਸਾਈਕਲ (PB08-FH-4584) ਅਤੇ ਇਕ ਚਿੱਟਾ ਐਕਟਿਵਾ ਸਕੂਟਰ (PB08-DX-3554)ਬਰਾਮਦ ਕੀਤਾ ਹੈ, ਦੋਵੇਂ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ। ਜਨਤਕ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੁਲਸ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।