ਲੁਧਿਆਣਾ (ਜਸਪ੍ਰੀਤ): ਪੰਜਾਬ ਤੋਂ ਵੱਡੀ ਖਬਰ ਆਈ ਹੈ। ਸਰਪੰਚ ਦੇ ਅਹੁਦੇ ਲਈ ਉਮੀਦਵਾਰ ਸੁਖਦੀਪ ਕੌਰ ਨੂੰ ਬੰਬੀਹਾ ਗਰੋਹ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਸਰਪੰਚ ਉਮੀਦਵਾਰ ਦਾ ਪਤੀ ਹਰਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਦਾ ਵੱਡਾ ਆਗੂ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਪਤਾ ਲੱਗਾ ਹੈ ਕਿ ਇੰਗਲੈਂਡ ਤੋਂ ਸੁਖਦੀਪ ਕੌਰ ਦੇ ਮੋਬਾਈਲ ਨੰਬਰ +447766788036 'ਤੇ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਵੱਡਾ ਗੈਂਗਸਟਰ ਦੱਸਦਿਆਂ ਸਰਪੰਚ ਚੋਣਾਂ ਤੋਂ ਹਟਣ ਲਈ ਕਿਹਾ ਹੈ। ਪੁਲੀਸ ਨੇ ਸੁਖਦੀਪ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਖਦੀਪ ਕੌਰ ਦੇ ਖਿਲਾਫ ਚੋਣ ਲੜ ਰਹੀ ਅਮਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ ਟੂਸੇ ਤੋਂ ਇਲਾਵਾ ਕੁਝ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਈਬਰ ਸੈੱਲ ਦੀ ਵੀ ਮਦਦ ਲਈ ਜਾ ਰਹੀ ਹੈ। ਹਾਲਾਂਕਿ ਸ਼ਿਕਾਇਤਕਰਤਾ ਸੁਖਦੀਪ ਕੌਰ ਨੇ ਸਿੱਧੇ ਤੌਰ 'ਤੇ ਕਿਸੇ ਦਾ ਨਾਂ ਨਹੀਂ ਲਿਆ ਹੈ ਪਰ ਹਰਪ੍ਰੀਤ ਸਿੰਘ ਟੂਸੇ ਨੂੰ ਫਿਲਹਾਲ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਸ ਨੂੰ ਐੱਸਡੀਐੱਮ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਹਰਪ੍ਰੀਤ ਸਿੰਘ ਟੂਸੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜਨ ਦੇ ਕਰੀਬ ਕਤਲ, ਡਕੈਤੀ, ਇਰਾਦਾ ਕਤਲ ਅਤੇ ਐਨਡੀਪੀਐਸ ਐਕਟ ਸਮੇਤ ਹੋਰ ਅਪਰਾਧਿਕ ਮਾਮਲੇ ਦਰਜ ਹਨ, ਜੋ ਇਸ ਵੇਲੇ ਜ਼ਮਾਨਤ ’ਤੇ ਰਿਹਾਅ ਹੈ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਇਸ ਗੱਲ ਦੇ ਠੋਸ ਸਬੂਤ ਨਹੀਂ ਮਿਲੇ ਹਨ ਕਿ ਸੁਖਦੀਪ ਕੌਰ ਨੂੰ ਧਮਕੀ ਭਰੀਆਂ ਕਾਲਾਂ ਕਿਸ ਨੇ ਕੀਤੀਆਂ ਸਨ ਪਰ ਪੁਲਿਸ ਹਰਪ੍ਰੀਤ ਸਿੰਘ ਟੂਸੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ।