Punjab: ਨਾਕੇ ’ਤੇ ਗ਼ੈਰ ਕਾਨੂੰਨੀ ਹਥਿਆਰ ਛੱਡ ਕੇ ਭੱਜੇ ਅਸਲਾ ਡੀਲਰ

by nripost

ਫਿਰੋਜ਼ਪੁਰ (ਰਾਘਵ): ਬੀਤੇ ਕੁਝ ਸਾਲਾਂ ਤੋਂ ਨਾਜਾਇਜ਼ ਅਸਲੇ ਦੀ ਧੜੱਲੇ ਨਾਲ ਹੋ ਰਹੀ ਸਪਲਾਈ ਦੇ ਚੱਲਦਿਆਂ ਫਿਰੋਜ਼ਪੁਰ ਗ਼ੈਰ ਕਨੂੰਨੀ ਹਥਿਆਰਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਗ਼ੈਰ ਕਨੂੰਨੀ ਅਸਲੇ ਦੀ ਇਸੇ ਤਰਾਂ ਦੀ ਇਕ ਸਪਲਾਈ ਦੇਣ ਆ ਰਹੇ ਦੋ ਅਸਲਾ ਡੀਲਰ ਪੁਲਿਸ ਦੀ ਨਾਕਾਬੰਦੀ ਵੇਖ ਆਪਣਾ ਮੋਟਰਸਾਈਕਲ ਅਤੇ ਹਥਿਆਰਾਂ ਵਾਲਾ ਬੈਗ ਛੱਡ ਕੇ ਭੱਜ ਗਏ। ਬੈਗ ਦੀ ਤਲਾਸ਼ੀ ਲੈਣ ’ਤੇ 11 ਪਿਸਤੌਲ ਅਤੇ 21 ਮੈਗਜ਼ੀਨ ਪੁਲਿਸ ਦੇ ਹੱਥ ਲੱਗੇ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀਆਈਜੀ ਰਣਜੀਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਫਿਰੋਜ਼ਪੁਰ ਲੁਧਿਆਣਾ ਹਾਈਵੇ ’ਤੇ ਤਲਵੰਡੀ ਭਾਈ ਮੁੱਖ ਚੌਕ ਵਿਚ ਲੱਗੇ ਨਾਕੇ ਦੌਰਾਨ ਜਦੋਂ ਪੁਲਿਸ ਮੁਲਾਜ਼ਮਾਂ ਵੱਲੋਂ ਮੋਗਾ ਵਾਲੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਨੰਬਰ ਪੀਬੀ 04 ਏਐੱਫ 6733 ਨੂੰ ਰੋਕਿਆ ਗਿਆ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਪਣਾ ਮੋਟਰਸਾਈਕਲ ਅਤੇ ਇਕ ਕਾਲੇ ਰੰਗ ਦਾ ਬੈਗ ਛੱਡ ਕੇ ਭੱਜ ਗਏ। ਮੁਲਾਜ਼ਮਾਂ ਵੱਲੋਂ ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਉਕਤ ਅਸਲਾ ਬਰਾਮਦ ਹੋਇਆ।

ਇਸ ਸਬੰਧੀ ਥਾਣਾ ਤਲਵੰਡੀ ਭਾਈ ਵਿਖੇ ਨਾਜਾਇਜ਼ ਹਥਿਆਰਾਂ ਦੇ ਦੋ ਅਣਪਛਾਤਿਆਂ ਸਪਲਾਇਰਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸਾਰੇ ਪਿਸਤੌਲ ਪੁਆਇੰਟ 32 ਬੋਰ ਦੇ ਦੱਸੇ ਜਾ ਰਹੇ ਹਨ। ਇਸ ਮੌਕੇ ਡੀਆਈਜੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਨਾਕੇਬੰਦੀ ’ਤੇ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟਾਂ ਅਨੁਸਾਰ ਫਿਰੋਜ਼ਪੁਰ ਵਿਚ ਲਾਇਸੈਂਸੀ ਅਸਲੇ ਨਾਲੋਂ ਕਈ ਗੁਣਾ ਜ਼ਿਆਦਾ ਨਾਜਾਇਜ਼ ਅਸਲਾ ਹੈ।