ਨਿਊਜ਼ ਡੈਸਕ: ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਸੈਸ਼ਨ 2022-23 'ਚ ਦਾਖਲਾ ਲੈਣ ਵਾਲੇ ਲੋੜਵੰਦ ਵਿਦਿਆਰਥੀਆਂ ਨੂੰ ਇਕ ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਪਹਿਲੀ ਵਾਰ ਪੀਯੂ ਹੋਣਹਾਰ ਵਿਦਿਆਰਥੀਆਂ ਨੂੰ ਕੈਂਪਸ 'ਚ ਲਿਆਉਣ ਲਈ ਨਵਾਂ ਉਪਰਾਲਾ ਕਰੇਗੀ। ਜੁਲਾਈ-ਅਗਸਤ 'ਚ ਵੱਖ-ਵੱਖ ਵਿਭਾਗਾਂ 'ਚ ਹੋਣ ਵਾਲੀ ਪ੍ਰਵੇਸ਼ ਪ੍ਰਰੀਖਿਆ ਦੌਰਾਨ ਪੀਯੂ ਵੱਲੋਂ ਦਿੱਤੇ ਜਾਣ ਵਾਲੇ ਵਜ਼ੀਫ਼ਿਆਂ ਬਾਰੇ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਜਾਵੇਗਾ।ਮੰਗਲਵਾਰ ਨੂੰ ਪੀਯੂ ਸੈਨੇਟ ਨੇ ਯੂਨੀਵਰਸਿਟੀ ਕੈਂਪਸ ਤੇ ਮਾਨਤਾ ਪ੍ਰਰਾਪਤ ਕਾਲਜਾਂ 'ਚ ਫੀਸਾਂ 'ਚ 7.5 ਤੋਂ 10 ਪ੍ਰਤੀਸ਼ਤ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੀਸ ਵਾਧੇ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਦੇ ਵਿਰੋਧ ਦੇ ਮੱਦੇਨਜ਼ਰ ਪੀਯੂ ਸੈਨੇਟ 'ਚ ਫ਼ੈਸਲਾ ਕੀਤਾ ਗਿਆ ਕਿ ਅਗਲੇ ਸੈਸ਼ਨ 'ਚ ਵੱਧ ਤੋਂ ਵੱਧ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਤੇ ਫੈਲੋਸ਼ਿਪ ਦੇ ਕੇ ਮਦਦ ਕੀਤੀ ਜਾਵੇ।
ਸੈਨੇਟ 'ਚ ਪੀਯੂ ਕਾਨੂੰਨ ਵਿਭਾਗ ਦੇ ਪ੍ਰਰੋ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੀਯੂ 'ਚ ਲੋੜਵੰਦ ਵਿਦਿਆਰਥੀਆਂ ਲਈ ਇਕ ਕਰੋੜ ਤੋਂ ਵੱਧ ਦੀ ਰਾਸ਼ੀ ਰੱਖੀ ਗਈ ਹੈ। ਇਸ ਰਕਮ 'ਚੋਂ ਸਿਰਫ਼ 30 ਤੋਂ 35 ਲੱਖ ਰੁਪਏ ਹੀ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਪ੍ਰਰੋ. ਦਿਨੇਸ਼ ਕੁਮਾਰ ਅਨੁਸਾਰ ਪੀਯੂ ਦੀਆਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਨਹੀਂ ਹੈ। ਸੈਸ਼ਨ 2022-23 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪੀਯੂ ਦੀਆਂ ਸਾਰੀਆਂ ਸਕਾਲਰਸ਼ਿਪਾਂ ਤੇ ਫੈਲੋਸ਼ਿਪਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਵਾਈਸ ਚਾਂਸਲਰ ਪ੍ਰਰੋ. ਰਾਜਕੁਮਾਰ ਨੇ ਭਰੋਸਾ ਦਿੱਤਾ ਕਿ ਪੀਯੂ ਤੇ ਕਾਲਜਾਂ ਦੇ ਸਾਰੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਕੀਤੀ ਜਾਵੇਗੀ।