ਚੰਡੀਗ੍ਹੜ (ਸਾਹਿਬ) - ਬੀਕਾਨੇਰ ਨੈਸ਼ਨਲ ਹਾਈਵੇਅ 'ਤੇ ਡੱਬਵਾਲੀ ਕਸਬੇ ਨੇੜੇ ਪਿੰਡ ਪਥਰਾਲਾ 'ਚ PRTC ਫਰੀਦਕੋਟ ਡਿਪੂ ਦੀ ਇਕ ਬੱਸ ਪਲਟ ਗਈ। ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਦੋ ਦਰਜਨ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਡੱਬਵਾਲੀ ਅਤੇ ਸਿਰਸਾ ਦੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨਿਰਮਾਣ ਅਧੀਨ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇਅ 'ਤੇ ਮੀਂਹ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਤੇਜ਼ ਬਰਸਾਤ ਕਾਰਨ ਬੱਸ ਚਾਲਕ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਇਹ ਸੜਕ 'ਤੇ ਪਲਟ ਗਈ।
ਇਸ ਹਾਦਸੇ ਵਿਚ ਇਕ ਔਰਤ ਜਸਵਿੰਦਰ ਕੌਰ ਵਾਸੀ ਪਿੰਡ ਲੋਹਾਰਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੌਤ ਹੋ ਜਾਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਫਰੀਦਕੋਟ ਡਿਪੂ ਦੀ ਬੱਸ ਨੰਬਰ ਪੀਬੀ-04ਵੀ-3044 ਹਰਿਆਣਾ ਦੇ ਡੱਬਵਾਲੀ ਤੋਂ ਬਠਿੰਡਾ ਆ ਰਹੀ ਸੀ। ਮੰਗਲਵਾਰ ਦੁਪਹਿਰ ਕਰੀਬ 2.30 ਵਜੇ ਜਦੋਂ ਇਹ ਬੱਸ ਪਿੰਡ ਪਥਰਾਲਾ 'ਚ ਉਸਾਰੀ ਅਧੀਨ ਕੰਕਰੀਟ ਵਾਲੀ ਸੜਕ 'ਤੇ ਪਹੁੰਚੀ ਤਾਂ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਬੱਸ ਚਾਲਕ ਆਪਣਾ ਕੰਟਰੋਲ ਗੁਆ ਬੈਠਾ ਅਤੇ ਬੱਸ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ।
ਇਸ ਘਟਨਾ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਡੱਬਵਾਲੀ ਅਤੇ ਸਿਰਸਾ ਦੇ ਸਰਕਾਰੀ ਹਸਪਤਾਲਾਂ 'ਚ ਪਹੁੰਚਾਇਆ। ਪੁਲਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।