ਸਕੂਲ-ਕਾਲਜ ਵੈਨ ਡਰਾਈਵਰਾਂ ਅਤੇ ਟਰੱਕ ਅਪਰੇਟਰਾਂ ਦੀ ਆਰਥਕ ਮਦਦ ਕਰੇ ਕੈਪਟਨ ਸਰਕਾਰ : ਅਤਲਾ

by vikramsehajpal

ਮਾਨਸਾ ( ਐਨ ਆਰ ਆਈ ਮੀਡਿਆ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਕੁਝ ਸਕੂਲਾਂ-ਕਾਲਜਾ ਦੇ ਵੈਨ ਡਰਾਈਵਰ ਅਤੇ ਟਰੱਕ ਓਪਰੇਟਰਾਂ ਨੇ ਮਿਲ ਕੇ ਉਨ੍ਹਾਂ ਨੂੰ ਦੱਸਿਆ ਹੈ ਕਿ ਪਿਛਲੇੇ ਸਾਲ ਤੋਂ ਕੋਰੋਨਾ ਮਹਾਂਮਾਰੀ ਕਾਰਨ ਲਗਾਤਾਰ ਉਨਾਂ ਦਾ ਕੰਮ ਬਿਲਕੁਲ ਠੱਪ ਹੈ ਅਤੇ ਆਮਦਨ ਦੇ ਸਾਰੇ ਵਸੀਲੇ ਖ਼ਤਮ ਹੋ ਚੁੱਕੇ ਹਨ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੈ। ਇਸ ਮੁਸ਼ਕਲ ਦੀ ਘੜੀ ਵਿਚ ਨਾ ਤਾਂ ਕੇਂਦਰ ਸਰਕਾਰ ਨੇ ਅਤੇ ਨਾ ਹੀ ਕੈਪਟਨ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਉਹ ਤਾਂ ਗੱਡੀਆਂ ਦੀਆਂ ਕਿਸ਼ਤਾਂ ਵੀ ਆਪਣੇ ਰਿਸ਼ਤੇਦਾਰਾਂ, ਦੋਸਤਾਂ ਕੋਲੋਂ ਉਧਾਰ ਫੜ ਫੜ ਕੇ ਆਪਣਾ ਕੰਮ ਸਾਰ ਰਹੇ ਹਨ ਤੇ ਲੋਨ ਦੀਆਂ ਕਿਸ਼ਤਾਂ ਮੋੜਨ ਵਿਚ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਹੁਣ ਜੇਕਰ ਉਨ੍ਹਾਂ ਦਾ ਮਾੜਾ ਮੋਟਾ ਕੁਝ ਕੰਮ ਚੱਲਿਆ ਸੀ ਤਾਂ ਕੋਰੋਨਾ ਦੀ ਦੂਜੀ ਲਹਿਰ ਆਉਣ ਨਾਲ ਸਕੂਲ - ਕਾਲਜ਼ ਇੱਕ ਵਾਰ ਫੇਰ ਬੰਦ ਹੋ ਗਏ ਜਿਸ ਕਰਕੇੇ ਸਕੂਲ ਵੈਨਾਂ ਦਾ ਕੰਮ ਬਿਲਕੁਲ ਠਪ ਹੋ ਗਿਆ ਹੈ। ਉਹ ਲੋਨ ਦੀਆਂ ਕਿਸ਼ਤਾਂ ਭਰਨ ਤੋਂ ਬਹੁਤ ਔਖੇ ਹਨ ਘਰ ਦਾ ਖਰਚਾ ਵੀ ਬਹੁਤ ਮੁਸ਼ਕਿਲ ਨਾਲ ਚਲਦਾ ਹੈ। ਇਸ ਤਰ੍ਹਾਂ ਸਾਰੇ ਦੇਸ਼ ਵਿਚ ਲਗਭਗ ਲਾਕਡਾਉਨ ਹੋਣ ਕਰਕੇ ਟਰਕਾਂ ਦਾ ਕੰਮ ਬਹੁਤ ਹੀ ਘੱਟ ਚਲਦਾ ਹੈ ਜਿਸ ਕਰਕੇ ਟਰੱਕ ਅਪਰੇਟਰਾਂ ਦਾ ਵੀ ਮਾੜਾ ਹਾਲ ਹੈ ਕੰਮ ਨਾ ਦੇ ਬਰਾਬਰ ਹੈ। ਕਾਰੋਬਾਰ ਵੀ ਕੋਰੋਨਾ ਕਰਕੇ ਠੱਪ ਹਨ। ਘਰਾਂ ਦੇ ਖਰਚੇ ਲੋਨ ਦੀਆਂ ਕਿਸ਼ਤਾਂ ਹੋਰ ਬੱਚਿਆਂ ਦੇ ਪੜਾਈ ਦੇ ਖਰਚੇ ਹੋਣ ਕਾਰਨ ਬਹੁਤ ਔਖੇ ਹਨ।


ਭਾਈ ਅਤਲਾ ਨੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਸਕੂਲ- ਕਾਲਜ ਵੈਨਾਂ ਵਾਲਿਆਂ ਤੇ ਟਰੱਕ ਅਪਰੇਟਰਾਂ ਨੂੰ ਲੋਨ ਦੇ ਵਿਆਜ ਦੀਆਂ ਕਿਸ਼ਤਾਂ ਮੁਆਫ ਕੀਤੀਆਂ ਜਾਣ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ਤੇ ਟਰੱਕ ਡਰਾਇਵਰਾਂ ਅਤੇ ਵੈਨ ਡਰਾਈਵਰਾਂ ਦੇ ਖਾਤੇ ਵਿਚ ਹਰ ਮਹੀਨੇ ਪੰਜ ਪੰਜ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਆਪਣਾ ਪਰਿਵਾਰ ਪਾਲ ਸਕਣ।