ਕਾਬੁਲ (ਦੇਵ ਇੰਦਰਜੀਤ) : ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਇੱਥੇ ਰਹਿਣ ਵਾਲੇ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਹੁਣ ਅਫਗਾਨਿਸਤਾਨ ਦੇ ਹੇਲਮੰਦ ਸੂਬੇ ਵਿਚ ਹੇਅਰ ਡ੍ਰੈਸਰਸ ਮਤਲਬ ਨਾਈਆਂ ਦੁਆਰਾ ਪੁਰਸ਼ਾਂ ਦੀ ਸ਼ੇਵਿੰਗ ਕਰਨ ਜਾਂ ਦਾੜ੍ਹੀ ਕੱਟਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਦੇਸ਼ ਦੇ ਦੱਖਣੀ ਹਿੱਸੇ ਵਿਚ ਸਥਿਤ ਹੇਲਮੰਦ ਸੂਬੇ ਵਿਚ ਸਟਾਈਲਿਸ਼ ਹੇਅਰ ਸਟਾਈਲ ਅਤੇ ਦਾੜ੍ਹੀ ਬਣਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਦੇ ਇਸਲਾਮਿਕ ਓਰੀਏਂਟੇਸ਼ਨ ਮੰਤਰਾਲੇ ਨੇ ਨਾਈਆਂ ਨਾਲ ਬੈਠਕ ਕਰ ਕੇ ਇਹ ਆਦੇਸ਼ ਜਾਰੀ ਕੀਤਾ ਹੈ।
ਮੰਤਰਾਲੇ ਦੇ ਅਧਿਕਾਰੀਆਂ ਨੇ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਵਿਚ ਨਾਈਆਂ ਨੂੰ ਸਟਾਈਲਿਸ਼ ਹੇਅਰ ਸਟਾਈਲ ਅਤੇ ਦਾੜ੍ਹੀ ਬਣਾਉਣ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਹੈ। ਇਸ ਆਦੇਸ਼ ਨੂੰ ਸੋਸ਼ਲ ਮੀਡੀਆ ਵਿਚ ਜਾਰੀ ਕੀਤਾ ਗਿਆ ਹੈ।
ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੈਲੂਨ ਦੇ ਅੰਦਰ ਸੰਗੀਤ ਜਾਂ ਹੋਰ ਧਾਰਮਿਕ ਗੀਤ ਨਾ ਵਜਾਏ ਜਾਣ। ਇਸ ਵਿਚਕਾਰ ਤਾਲਿਬਾਨ ਨੇ ਆਪਣੇ ਸਖ਼ਤ ਅਤੇ ਦਮਨਕਾਰੀ ਕਾਨੂੰਨਾਂ ਨੂੰ ਲਾਗੂ ਕਰਨਾ ਤੇਜ਼ ਕਰ ਦਿੱਤਾ ਹੈ।
ਕਾਨੂੰਨ ਹਨ ਜੋ ਤਾਲਿਬਾਨ ਨੇ ਆਪਣੇ ਸਾਲ 1996 ਤੋਂ ਲੈ ਕੇ 2001 ਦੇ ਸ਼ਾਸਨ ਕਾਲ ਦੌਰਾਨ ਲਾਗੂ ਕੀਤੇ ਸਨ। ਇਹ ਨਿਯਮ ਤਾਲਿਬਾਨੀ ਸ਼ਰੀਆ ਕਾਨੂੰਨ 'ਤੇ ਆਧਾਰਿਤ ਹਨ। ਤਾਲਿਬਾਨ ਨੇ ਇਹ ਆਦੇਸ਼ ਅਜਿਹੇ ਸਮੇਂ 'ਤੇ ਦਿੱਤਾ ਹੈ ਜਦੋਂ ਦੇਸ਼ ਵਿਚ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਗੌਰਤਲਬ ਹੈ ਕਿ ਦੇਸ਼ ਤੋਂ ਅਮਰੀਕੀ ਅਤੇ ਨਾਟੋ ਸੈਨਿਕਾਂ ਦੀ ਵਾਪਸੀ ਦੇ ਵਿਚਕਾਰ ਤਾਲਿਬਾਨ ਨੂੰ ਕਾਬੁਲ 'ਤੇ ਕਬਜ਼ਾ ਕੀਤੇ ਇੱਕ ਮਹੀਨਾ ਹੋ ਗਿਆ ਹੈ।