ਬਠਿੰਡਾ : ਮਾਲਵਾ ਖੇਤਰ 'ਚ ਗੱਠਜੋੜ ਸਰਕਾਰ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਮਈ ਨੂੰ ਬਠਿੰਡਾ ਵਿਖੇ ਪੁੱਜ ਰਹੇ ਹਨੇ, ਜਿੱਥੇ ਉਹ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਬਠਿੰਡਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਜਿਥੇ ਅਕਾਲੀਆਂ ਅਤੇ ਭਾਜਪਾ ਆਗੂਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਪੁਲਿਸ ਪ੍ਰਸ਼ਾਸਨ ਸੁਰਖਿਆ ਪ੍ਰਬੰਧਾਂ ਨੂੰ ਲੈ ਕੇ ਪੱਬਾਂ ਭਾਰ ਹੈ।ਬਠਿੰਡਾ-ਅੰਮਿ੍ਤਸਰ ਕੌਮੀ ਸ਼ਾਹ ਮਾਰਗ 'ਤੇ ਥਰਮਲ ਕਾਲੋਨੀ ਦੇ ਮੈਦਾਨ 'ਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਕਰੀਬ 4 ਏਕੜ ਦੀ ਥਾਂ 'ਚ ਲੱਗਣ ਵਾਲੇ ਪੰਡਾਲ 'ਚ 60 ਹਜ਼ਾਰ ਦੇ ਕਰੀਬ ਕੁਰਸੀਆਂ ਲਗਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਮੌਕੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਵੱਲੋਂ ਸੋਮਵਾਰ ਨੂੰ ਮੌਸਮ 'ਚ ਖ਼ਰਾਬੀ ਦੀ ਸੰਭਾਵਨਾ ਦੇ ਮੱਦੇਨਜ਼ਰ ਵਾਟਰ ਪਰੂਫ ਟੈਂਟ ਲਗਾਇਆ ਜਾ ਰਿਹਾ ਹੈ।ਭਾਜਪਾ ਪ੍ਰਧਾਨ ਸੁਨੀਲ ਬਿੰਟਾ ਨੇ ਰੈਲੀ ਦੇ ਪ੍ਰਬੰਧਾਂ ਬਾਰੇ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨਾਲ ਅਕਾਲੀ-ਭਾਜਪਾ ਆਗੂਆਂ ਅਤੇ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਾਲੀ-ਭਾਜਪਾ ਦੇ ਚਾਰ ਹਲਕਿਆਂ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ, ਲੋਕ ਸਭਾ ਹਲਕਾ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਫ਼ਰੀਦਕੋਟ ਤੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਪ੍ਰਚਾਰ ਕਰਨਗੇ।ਦੱਸਣਯੋਗ ਹੈ ਕਿ ਡੀਜੀਪੀ ਦਿਨਕਰ ਗੁਪਤਾ ਵੀ ਸ਼ਨਿੱਚਰਵਾਰ ਨੂੰ ਰੈਲੀ ਵਾਲੀ ਥਾਂ ਦਾ ਜਾਇਜ਼ਾ ਲੈ ਚੁੱਕੇ ਹਨ।
ਰੈਲੀ ਵਾਲੀ ਥਾਂ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਬਠਿੰਡਾ ਰੇਂਜ ਦੇ ਆਈਜੀ ਐੱਮਐੱਫ਼ ਫਾਰੂਕੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਹਰ ਪੱਖੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਹੋਣ ਵਾਲੀ ਰੈਲੀ ਦੀ ਥਾਂ 'ਤੇ 'ਤੱਕੜੀ' ਦੀਆਂ ਝੰਡੀਆਂ ਦੀ ਗਿਣਤੀ ਜ਼ਿਆਦਾ ਤੇ 'ਕਮਲ' ਦੇ ਫੁੱਲ ਦੀਆਂ ਝੱਡੀਆਂ ਘੱਟ ਦਿਖਾਈ ਦੇ ਰਹੀਆਂ ਹਨ। ਦੱਬੀ ਜ਼ਬਾਨ 'ਚ ਭਾਜਪਾ ਆਗੂਆਂ ਨੇ 'ਕਮਲ' ਦੇ ਫੁੱਲ ਦੀਆਂ ਝੰਡੀਆਂ ਘੱਟ ਲੱਗੀਆਂ ਹੋਣ 'ਤੇ ਨਾਰਾਜ਼ਗੀ ਪ੍ਰਗਟ ਕੀਤੀ।