ਪੱਤਰ ਪ੍ਰੇਰਕ : ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਮੁਖੀ ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਦਬਾਅ ਪਾ ਕੇ ਆਪਣਾ ਖਾਲਿਸਤਾਨੀ ਏਜੰਡਾ ਚਲਾਉਣ ’ਚ ਸਫਲ ਹੋਏ ਹੋਣ ਪਰ ਘਰੇਲੂ ਮੋਰਚੇ ’ਤੇ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਅੰਦਰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਮਿਲਟਨ ਵਿਚ ਹੋਈ ਪਾਰਟੀ ਦੀ ਸਾਲਾਨਾ ਕਨਵੈਨਸ਼ਨ ਦੌਰਾਨ ਆਗੂਆਂ ਨੇ ਪਾਰਟੀ ਮੁਖੀ ਜਗਮੀਤ ਸਿੰਘ ਨੂੰ ਸਪੱਸ਼ਟ ਕੀਤਾ ਕਿ ਜਾਂ ਤਾਂ ਉਹ ਜਸਟਿਨ ਟਰੂਡੋ ਦੀ ਸਰਕਾਰ ਤੋਂ ਯੂਨੀਵਰਸਲ ਸਿੰਗਲ ਪੇਅਰ ਫਾਰਮਾ ਕੇਅਰ ਪ੍ਰੋਗਰਾਮ ਸ਼ੁਰੂ ਕਰਵਾਉਣ ਜਾਂ ਲਿਬਰਲ ਪਾਰਟੀ ਨਾਲ 17 ਮਹੀਨੇ ਪਹਿਲਾਂ ਕੀਤੇ ਸਮਝੌਤੇ ਨੂੰ ਰੱਦ ਕਰ ਕੇ ਜਸਟਿਨ ਟਰੂਡੋ ਦੀ ਪਾਰਟੀ ਤੋਂ ਸਮਰਥਨ ਵਾਪਸ ਲੈਣ। ਐੱਨ.ਡੀ.ਪੀ. ਦੀ ਕਨਵੈਨਸ਼ਨ ਵਿਚ ਪਾਸ ਕੀਤੇ ਗਏ ਇਸ ਮਤੇ ਤੋਂ ਬਾਅਦ ਜਸਟਿਨ ਟਰੂਡੋ ਦੀ ਸਰਕਾਰ ’ਤੇ ਖਤਰਾ ਵੱਧ ਗਿਆ ਹੈ।
ਦੱਸ ਦਈਏ ਕਿ ਕੈਨੇਡਾ ਵਿਚ ਜਸਟਿਨ ਟਰੂਡੋ ਦੀ ਸਰਕਾਰ ਐੱਨ.ਡੀ. ਪੀ.ਦੇ ਸਮਰਥਨ 'ਤੇ ਟਿਕੀ ਹੋਈ ਹੈ। ਐੱਨ.ਡੀ.ਪੀ. ਦੇ ਕੈਨੇਡੀਅਨ ਪਾਰਲੀਮੈਂਟ ਵਿਚ 25 ਸੰਸਦ ਮੈਂਬਰ ਹਨ ਅਤੇ ਇਸ ਨੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 2025 ਤੱਕ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਦੋਵੇਂ ਪਾਰਟੀਆਂ ’ਚ ਸਮਝੌਤਾ ਹੋਇਆ ਹੈ ਕਿ ਐੱਨ.ਡੀ.ਪੀ. 2025 ਤੋਂ ਪਹਿਲਾਂ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਵੇਗੀ ਅਤੇ ਕੈਨੇਡੀਅਨ ਲੋਕਾਂ ਨੂੰ ਚੋਣਾਂ ਵੱਲ ਨਹੀਂ ਧੱਕੇਗੀ ਪਰ ਐੱਨ.ਡੀ.ਪੀ. ਦੀ ਸਾਲਾਨਾ ਕਾਰਜਕਾਰਨੀ ਵਿਚ ਪਾਰਟੀ ਮੈਂਬਰਾਂ ਨੇ ਸਮਝੌਤੇ ਨੂੰ ਕਚਰਾ ਕਰਾਰ ਦਿੱਤਾ। ਇਸ ਕਨਵੈਨਸ਼ਨ ਦੇ ਪਹਿਲੇ ਦਿਨ 540 ਆਗੂਆਂ ਨੇ ਭਾਗ ਲਿਆ ਅਤੇ ਅਗਲੇ ਦੋ ਦਿਨਾਂ ਵਿਚ 1200 ਹੋਰ ਆਗੂ ਇਸ ਕਨਵੈਨਸ਼ਨ ਵਿਚ ਹਿੱਸਾ ਲੈਣਗੇ।