ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਕੋਲਾ ਸੰਕਟ ਨਾਲ ਨਜਿੱਠਣ ਲਈ 311 ਕਰੋੜ ਦੀ ਬਿਜਲੀ 13 ਦਿਨਾਂ ਵਿਚ ਖ਼ਰੀਦੀ ਹੈ।
ਪਾਵਰਕਾਮ ਨੇ 12 ਅਕਤੂਬਰ ਨੂੰ 36.42 ਕਰੋੜ ਰੁਪਏ ਦੀ ਬਿਜਲੀ ਖ਼ਰੀਦੀ, ਜਦੋਂ ਕਿ 13 ਅਕਤੂਬਰ ਨੂੰ 30 ਕਰੋੜ ਦੀ ਬਿਜਲੀ ਖ਼ਰੀਦੀ ਗਈ ਹੈ। ਕੋਲਾ ਸੰਕਟ ਕਾਰਨ ਪੰਜਾਬ ਵਿਚ ਥਰਮਲ ਪਲਾਟਾਂ ਤੋਂ ਬਿਜਲੀ ਪੈਦਾ ਕਰਨ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਵਰਕਾਮ ਨੇ ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟ ਚਾਲੂ ਕੀਤੇ ਹਨ। 150 ਮੈਗਾਵਾਟ ਹਰੇਕ ਦੀ ਸਮੱਰਥਾ ਵਾਲੇ ਇਹ ਯੂਨਿਟ ਸ਼ੁਰੂ ਹੋਣ ਨਾਲ 600 ਮੈਗਾਵਾਟ ਬਿਜਲੀ ਪੈਦਾ ਹੋਵੇਗੀ।
ਇਸ ਦੌਰਾਨ ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ 660 ਮੈਗਾਵਾਟ ਦਾ ਅਤੇ ਲਹਿਰਾ ਮੁਹੱਬਤ ਦਾ ਇਕ ਯੂਨਿਟ 250 ਮੈਗਾਵਾਟ ਦਾ ਹੋਰ ਬੰਦ ਹੋ ਗਿਆ ਹੈ।
ਪਾਵਰਕਾਮ ਦੀਆਂ ਮੁ਼ਸ਼ਕਿਲਾਂ ਵਿਚ ਵਾਧਾ ਹੋਣਾ ਤੈਅ ਹੈ। ਪਾਵਰਕਾਮ ਨੇ ਇਸ ਦੌਰਾਨ ਰੋਪੜ ਪਲਾਂਟ ਦਾ ਇਕ ਯੂਨਿਟ ਫਿਰ ਸ਼ੁਰੂ ਕਰ ਲਿਆ ਹੈ। ਉਧਰ ਕੋਲੇ ਦੀ ਸਪਲਾਈ ਵਿਚ ਵੀ ਸੁਧਾਰ ਹੋਇਆ ਹੈ।
ਪੰਜਾਬ ਨੂੰ ਮਿਲਣ ਵਾਲੇ ਕੋਲਾ ਰੈਕਾਂ ਦੀ ਗਿਣਤੀ 10 ਤੋਂ ਵੱਧ ਕੇ 13 ਹੋ ਗਈ ਹੈ, ਜਦੋਂ ਕਿ ਬੀਤੇ ਦਿਨ ਪੰਜਾਬ ਲਈ 15 ਰੈਕ ਕੋਲਾ ਲੋਡ ਹੋਇਆ ਹੈ, ਜੋ ਆਉਂਦੇ ਦਿਨਾਂ ਵਿਚ ਪੰਜਾਬ ਪਹੁੰਚੇਗਾ।