by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕੜਾਕੇ ਦੀ ਗਰਮੀ ਦੌਰਾਨ ਕਈ ਥਾਵਾਂ 'ਤੇ ਬਿਜਲੀ ਕੱਟਾਂ ਨੂੰ ਲੈ ਕੇ ਜੰਮ ਕੇ ਨਿਸ਼ਾਨਾ ਸਾਧਿਆ ਤੇ ਦੋਸ਼ ਲਾਇਆ ਕਿ ਉਹ ਖਪਤਕਾਰਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਹਾਲਾਂਕਿ, ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਵਧਦੇ ਤਾਪਮਾਨ ਕਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਸ ਸਾਲ ਬਿਜਲੀ ਦੀ ਮੰਗ 'ਚ 40 ਫੀਸਦੀ ਵਾਧਾ ਹੋਇਆ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ 2 ਯੂਨਿਟ, ਰੋਪੜ ਥਰਮਲ ਪਲਾਂਟ ਅਤੇ ਜੀ. ਵੀ. ਕੇ. ਪਲਾਂਟ ਦਾ ਇਕ-ਇਕ ਯੂਨਿਟ ਪਹਿਲਾਂ ਹੀ ਬੰਦ ਹਨ, ਜਿਸ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਰੋਪੜ ਥਰਮਲ ਪਲਾਂਟ 'ਚ 8.3 ਦਿਨ, ਲਹਿਰਾ ਮੁਹੱਬਤ ਪਲਾਂਟ 'ਚ 4 ਦਿਨ ਅਤੇ ਜੀ. ਵੀ. ਕੇ. 'ਚ 2.4 ਦਿਨ ਕੋਲਾ ਬਚਿਆ ਹੈ ਤੇ ਕੋਲੇ ਦੀ ਸਪਲਾਈ ਚਿੰਤਾਜਨਕ ਬਣੀ ਹੋਈ ਹੈ।