ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਕੇਰੀਆਂ ਵਿਖੇ ਇਕ ਪੜ੍ਹੀ-ਲਿਖੀ ਲੜਕੀ ਨੂੰ ਪਿਆਰ ਦੇ ਜਾਲ ’ਚ ਫਸਾ ਕੇ ਉਸ ਦੀ ਅਸ਼ਲੀਲ ਫ਼ਿਲਮ ਬਣਾ ਕੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੱਪੜਾ ਵਪਾਰੀ ਖ਼ਿਲਾਫ਼ ਮੁਕੇਰੀਆਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੀੜਤ ਕੁੜੀ ਨੇ ਦੱਸਿਆ ਕਿ ਮੇਨ ਬਾਜ਼ਾਰ ਮੁਕੇਰੀਆਂ ’ਚ ‘ਬੰਬੇ ਕੁਲੈਕਸ਼ਨ ਹਾਊਸ’ ਨਾਂ ਦੀ ਕੱਪੜੇ ਦੀ ਦੁਕਾਨ ਚਲਾ ਰਹੇ ਗੁਲਸ਼ੇਰ ਕੁਰੈਸ਼ੀ ਨਾਲ ਜਾਣ-ਪਛਾਣ ਹੋਈ, ਉਪਰੰਤ ਉਸ ਨਾਲ ਪਿਆਰ ਹੋ ਗਿਆ।
ਜਦੋਂ ਉਹ ਉਸ ਦੀ ਦੁਕਾਨ ’ਤੇ ਕੱਪੜੇ ਲੈਣ ਗਈ ਤਾਂ ਗੁਲਸ਼ੇਰ ਕੁਰੈਸ਼ੀ ਉਸ ਨੂੰ ਕੱਪੜੇ ਦਿਖਾਉਣ ਦੇ ਬਹਾਨੇ ਦੁਕਾਨ ਦੇ ਉਪਰਲੇ ਕਮਰੇ ’ਚ ਲੈ ਗਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ, ਵਿਰੋਧ ਕਰਨ ’ਤੇ ਗੁਲਸ਼ੇਰ ਕੁਰੈਸ਼ੀ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਪੀੜਤਾ ਨੇ ਦੱਸਿਆ ਕਿ ਗੁਲਸ਼ੇਰ ਕੁਰੈਸ਼ੀ ਨੇ ਆਪਣੇ ਮੋਬਾਇਲ ’ਤੇ ਮੇਰੀ ਅਸ਼ਲੀਲ ਵੀਡੀਓ ਬਣਾ ਕੇ ਮੈਨੂੰ ਵਾਪਸ ਘਰ ਭੇਜ ਦਿੱਤਾ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੀ ਇੱਜ਼ਤ ਬਚਾਉਣ ਲਈ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ ਪਰ ਕੁਝ ਦਿਨ ਪਹਿਲਾਂ ਉਸ ਨੇ ਫਿਰ ਤੋਂ ਮੈਨੂੰ ਮੇਰੀ ਨਗਨ ਫ਼ਿਲਮ ਵਿਖਾ ਕੇ ਆਪਣੇ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੈਂ ਆਪਣੇ ਇਕ ਜਾਣਕਾਰ ਦੀ ਮਦਦ ਨਾਲ ਮੁਕੇਰੀਆਂ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।