ਸਰਜਰੀ ਤੋਂ ਬਾਅਦ ਪੋਪ ਫ੍ਰਾਂਸਿਸ ਨੂੰ ਹਸਪਤਾਲ ਤੋਂ ਛੁੱਟੀ

by vikramsehajpal

ਫਰਾਂਸ (ਦੇਵ ਇੰਦਰਜੀਤ) : ਪੋਪ ਫ੍ਰਾਂਸਿਸ ਨੂੰ ਵੱਡੀ ਅੰਤੜੀ ਦੀ ਸਰਜਰੀ ਤੋਂ 10 ਦਿਨਾਂ ਬਾਅਦ ਬੁੱਧਵਾਰ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੂੰ ਹਸਪਤਾਲ ’ਚੋਂ ਬਾਹਰ ਨਿਕਲਦੇ ਦੇਖਿਆ ਗਿਆ। 84 ਸਾਲਾ ਫ੍ਰਾਂਸਿਸ ਨੂੰ ਬੁੱਧਵਾਰ ਦੀ ਸਵੇਰ ਤਕਰੀਬਨ ਪੌਣੇ ਗਿਆਰਾਂ ਵਜੇ ਫੋਰਡ ਕਾਰ ਦੀ ਪੈਸੰਜਰ ਸੀਟ ’ਤੇ ਬੈਠ ਕੇ ਰੋਮ ਦੇ ਜੇਮੇਲੀ ਪੌਲੀਟੈਕਨਿਕ ਹਸਪਤਾਲ ’ਚੋਂ ਬਾਹਰ ਜਾਂਦਿਆਂ ਦੇਖਿਆ ਗਿਆ। ਵਾਪਸੀ ’ਚ ਪੋਪ ਰੋਮ ਦੇ ਸਾਂਤਾ ਮਾਰੀਆ ਮੈਗੀਰੇ ਬੈਸਿਲਿਕਾ ਚਰਚ ’ਚ ਪ੍ਰਾਰਥਨਾ ਕਰਨ ਲਈ ਰੁਕੇ।

ਜ਼ਿਕਰਯੋਗ ਹੈ ਕਿ ਪੋਪ ਵਿਦੇਸ਼ ਯਾਤਰਾਵਾਂ ਤੋਂ ਪਰਤਣ ਤੋਂ ਬਾਅਦ ਵੀ ਚਰਚ ’ਚ ਪ੍ਰਾਰਥਨਾ ਕਰਦੇ ਹਨ। 4 ਜੁਲਾਈ ਨੂੰ ਹੋਈ ਸਰਜਰੀ ’ਚ ਪੋਪ ਦੀ ਵੱਡੀ ਅੰਤੜੀ ਦਾ ਅੱਧਾ ਹਿੱਸਾ ਕੱਟ ਕੇ ਕੱਢ ਦਿੱਤਾ ਗਿਆ। ਵੈਟੀਕਨ ਦੇ ਬੁਲਾਰੇ ਮਤੇਓ ਬਰੁਨੀ ਨੇ ਫ੍ਰਾਂਸਿਸ ਨੂੰ ਹਸਪਤਾਲ ’ਚੋਂ ਛੁੱਟੀ ਮਿਲਣ ਤੇ ਰੋਮ ਬੈਸਿਲਿਕਾ ਦੀ ਉਨ੍ਹਾਂ ਦੀ ਯਾਤਰਾ ਦੀ ਪੁਸ਼ਟੀ ਕੀਤੀ ਹੈ।