ਪੱਤਰ ਪ੍ਰੇਰਕ : ਮੋਹਾਲੀ ਵਿਖੇ ਇਕ ਵਾਰ ਫਿਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਸਿੱਧਾ ਮੁਕਾਲਬਾ ਹੋਇਆ ਹੈ। ਇਸ ਮੁਕਾਬਲੇ ਵਿੱਚ ਦੋਹਾਂ ਪਾਸਿਓਂ ਤਾਬੜਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੁਲਿਸ ਮੁਕਾਬਲੇ ਵਿੱਚ ਇਕ ਗਗਨਵੀਰ ਸਿੰਘ ਉਰਫ ਰਾਜਨ ਨਾਮ ਦਾ ਗੈਂਗਸਟਰ ਪੁਲਿਸ ਹੱਥੇ ਚੜ੍ਹ ਗਿਆ ਹੈ।
ਦਰਅਸਲ ਇਸ ਮੁਕਾਬਲੇ ਵਿੱਚ ਕਾਬੂ ਕੀਤੇ ਗਏ ਉਕਤ ਗੈਂਗਸਟਰ ਦੀ ਲੱਤ ਵਿੱਚ ਗੋਲੀ ਵੱਜੀ ਸੀ, ਜਿਸ ਮਗਰੋਂ ਉਹ ਪੁਲਿਸ ਮੁਲਾਜ਼ਮਾਂ ਦੇ ਹੱਥੇ ਆ ਗਿਆ। ਜਦਕਿ ਦੋ ਬਦਮਾਸ਼ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਸੂਤਰਾਂ ਅਨੁਸਾਰ ਇਹ ਮੁਕਾਬਲਾ ਬਲਟਾਣਾ ਦੇ ਸੁਖਨਾ ਚੋਅ ਨਜ਼ਦੀਕ ਹੋਇਆ ਹੈ।ਉਕਤ ਮੁਲਜ਼ਮਾਂ ਉਤੇ ਨਜ਼ਦੀਕ ਹੀ ਇਕ ਦੁਕਾਨ ਉਤੇ ਗੋਲੀ ਚਲਾਉਣ ਦੀ ਵੀ ਇਲਜ਼ਾਮ ਹੈ।
ਗੈਂਗਸਟਰਾਂ ਦੀ ਪੈੜ ਨੱਪ ਕੇ ਪੁਲਿਸ ਨੇ ਕੀਤੀ ਕਾਰਵਾਈ : ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਹੀ ਇਸੇ ਥਾਂ ਉਤੇ ਕੁਝ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਦੌਰਾਨ ਕੁਝ ਲੋਕ ਜ਼ਖਮੀ ਵੀ ਹੋਏ ਸਨ, ਜਦਕਿ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਚੌਕਸੀ ਨਾਲ ਇਨ੍ਹਾਂ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਦੀ ਭਾਲ ਕਰਦਿਆਂ ਅੱਜ ਇਨ੍ਹਾਂ ਨੂੰ ਘੇਰ ਲਿਆ। ਹਾਲਾਂਕਿ ਦੋ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਏ।