ਨਿਊਜ਼ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀਮੰਡਲ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਬੈਠਕ 'ਚ ਦੇਸ਼ ਦੀ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਦੇ ਨਾਲ-ਨਾਲ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪੈਦਾ ਸਥਿਤੀ ਦੇ ਮੱਦੇਨਜ਼ਰ ਮੌਜੂਦਾ ਗਲੋਬਲ ਦ੍ਰਿਸ਼ 'ਤੇ ਚਰਚਾ ਕੀਤੀ। ਅਧਿਕਾਰਤ ਸੂਤਰਾਂ ਅਨੁਸਾਰ ਮੋਦੀ ਦੀ ਪ੍ਰਧਾਨਗੀ 'ਚ ਐਤਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਬੈਠਕ ਹੋਈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਜ਼ਾ ਘਟਨਾਕ੍ਰਮ ਤੇ ਸਰਹੱਦੀ ਖੇਤਰਾਂ, ਸਮੁੰਦਰੀ ਅਤੇ ਹਵਾਈ ਖੇਤਰ 'ਚ ਦੇਸ਼ ਦੀ ਸੁਰੱਖਿਆ ਤਿਆਰੀਆਂ ਤੋਂ ਜਾਣੂੰ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਨੂੰ ਯੂਕਰੇਨ ਨਾਲ ਸੰਬੰਧਤ ਤਾਜ਼ਾ ਘਟਨਾਵਾਂ ਦੀ ਜਾਣਕਾਰੀ ਦਿੱਤੀ ਗਈ, ਨਾਲ ਹੀ ਉੱਥੇ ਫਸੇ ਭਾਰਤੀ ਨਾਗਰਿਕਾਂ ਅਤੇ ਗੁਆਂਢੀ ਦੇਸ਼ਾਂ ਦੇ ਕੁਝ ਨਾਗਰਿਕਾਂ ਨੂੰ ਕੱਢਣ ਲਈ ਚਲਾਏ ਜਾ ਰਹੇ ਆਪਰੇਸ਼ਨ ਗੰਗਾ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਮੋਦੀ ਨੇ ਨਿਰਦੇਸ਼ ਦਿੱਤਾ ਕਿ ਯੂਕਰੇੇਨ ਦੇ ਸ਼ਹਿਰ ਖਾਰਕੀਵ 'ਚ ਮਾਰੇ ਗਏ ਨਵੀਨ ਸ਼ੇਖਰਅੱਪਾ ਦੀ ਮ੍ਰਿਤਕ ਦੇਹ ਨੂੰ ਵਤਨ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।