ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਭਾਜਪਾ ਨੇ ਟਵੀਟ ਕਰ ਕੇ ਲਿਖਿਆ, ‘‘ਗਲੋਬਲ ਨੇਤਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਲੋਕਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ 77 ਫੀਸਦੀ ਗਲੋਬਲ ਅਪਰੂਵਲ ਰੇਟਿੰਗ ਦੇ ਨਾਲ ਪਹਿਲੇ ਸਥਾਨ ’ਤੇ ਹਨ। ਮੋਦੀ ਦੀ ਅਗਵਾਈ ’ਚ ਦੇਸ਼ ਆਤਮ-ਨਿਰਭਰ ਭਾਰਤ ਬਣਨ ਦੇ ਵੱਲ ਵਧਿਆ ਹੈ।
ਖ਼ਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਡਿਸਅਪਰੂਵਲ ਰੇਟਿੰਗ ਵੀ ਸਭ ਤੋਂ ਘੱਟ 17 ਫੀਸਦੀ ਹੈ। ਡਾਟਾ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਨਵਰੀ 2020 ਤੋਂ ਮਾਰਚ 2022 ਤੱਕ ਜ਼ਿਆਦਾਤਰ ਮਹੀਨਿਆਂ ਲਈ ਸਭ ਤੋਂ ਲੋਕਪ੍ਰਿਯ ਗਲੋਬਲ ਨੇਤਾ ਬਣੇ ਰਹੇ।
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਅਪਰੂਵਲ ਰੇਟਿੰਗ ਉਨ੍ਹਾਂ ਦੇ ਰਾਸ਼ਟਰਪਤੀ ਬਣੇ ਰਹਿਣ ਦੌਰਾਨ ਸਭ ਤੋਂ ਘੱਟ ਹੋ ਗਈ ਹੈ। ਪਿਛਲੇ ਸਾਲ ਕੋਵਿਡ-19 ਮੌਤਾਂ ’ਚ ਵਾਧਾ ਅਤੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਜਲਦਬਾਜ਼ੀ ’ਚ ਵਾਪਸੀ ਦੀ ਵਜ੍ਹਾ ਨਾਲ ਬਾਈਡੇਨ ਦੀ ਲੋਕਪ੍ਰਿਯਤਾ ਡਿੱਗਣੀ ਸ਼ੁਰੂ ਹੋ ਗਈ ਸੀ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 42 ਫ਼ੀਸਦੀ ਦੀ ਅਪਰੂਵਲ ਰੇਟਿੰਗ ਅਤੇ ਬਾਈਡੇਨ ਨੂੰ 41 ਫ਼ੀਸਦੀ ਰੇਟਿੰਗ ਮਿਲੀ ਹੈ।